ਬੀਣੇਵਾਲ, 3 ਮਈ (ਬੈਜ ਚੌਧਰੀ)-ਵੈਸੇ ਤਾਂ ਬੀਤ ਇਲਾਕੇ ਦੀਆਂ ਬਹੁਤੀਆਂ ਸੜਕਾਂ ਦੀ ਹਾਲਤ ਬਦਤਰ ਹੈ ਪਰ ਅੱਡਾ ਪੰਡੋਰੀ ਬੀਤ ਤੋਂ ਪਿੰਡ ਪੰਡੋਰੀ 'ਚੋਂ ਹੋ ਕੇ ਅੱਗੇ ਪਿੰਡ ਡੰਗੋਰੀ ਤੋਂ ਹੁੰਦੀ ਹੋਈ ਪਿੰਡ ਭਡਿਆਰ 'ਚੋਂ ਹੋ ਕੇ ਕੋਟ-ਮੈਹਿੰਦਵਾਣੀ ਸੜਕ ਨੂੰ ਜੋੜਨ ਵਾਲੀ ਸੜਕ ਦੀ ਹਾਲਤ ਬਦ ਤੋਂ ਵੀ ਬਦਤਰ ਹੈ | ਇਸ ਕਰੀਬ ਡੇਢ ਕਿੱਲੋਮੀਟਰ ਲੰਬੀ ਸੜਕ 'ਚ ਥਾਂ-ਥਾਂ ਕਰੀਬ ਤਿੰਨ-ਤਿੰਨ ਫੁੱਟ ਡੂੰਘੇ ਤੇ 15-15 ਫੁੱਟ ਲੰਬੇ ਚੌੜੇ ਖੱਡੇ ਬਣੇ ਹੋਏ ਹਨ | ਸਾਰੀ ਸੜਕ ਦੀ ਹਾਲਤ ਇਹ ਹੈ ਕਿ ਸੜਕ ਦਾ ਤਾਂ ਨਾਮੋ ਨਿਸ਼ਾਨ ਵੀ ਦਿਖਾਈ ਨਹੀਂ ਦੇ ਰਿਹਾ ਬੱਸ ਖੱਡੇ ਹੀ ਦਿੱਖ ਰਹੇ ਹਨ | ਜੇਕਰ ਥੋੜੀ ਵੀ ਬਰਸਾਤ ਹੋ ਜਾਵੇ ਤਾਂ ਇਹ ਖੱਡੇ ਪਾਣੀ ਨਾਲ ਨੱਕੋਂ ਨੱਕ ਭਰ ਜਾਂਦੇ ਹਨ | ਇਸ ਸੜਕ 'ਤੇ ਪੈਦਲ ਚਲਣਾਂ ਤਾਂ ਦੂਰ ਹਰ ਛੋਟੇ ਵੱਡੇ ਵਾਹਨ ਚਾਲਕ ਲਈ ਲੰਘਣਾ ਵੀ ਮੁਸੀਬਤ ਬਣ ਜਾਂਦੀ ਹੈ | ਡੰਗੋਰੀ ਨਿਵਾਸੀ ਪਿ੍ੰ. ਤਰਲੋਚਨ ਸਿੰਘ ਚੇਚੀ ਨੇ ਦੱਸਿਆ ਕਿ ਇਸ ਸੜਕ ਦੀ ਮੁਰੰਮਤ ਹੋਈ ਨੂੰ ਬਾਰਾਂ ਸਾਲ ਤੋਂ ਵੀ ਵਧ ਸਮਾਂ ਹੋ ਚੁੱਕਿਆ ਹੈ | ਉਨ੍ਹਾਂ ਕਿਹਾ ਕਿ ਇਸ ਸੜਕ ਦੀ ਕਿਸੇ ਸਰਕਾਰ ਨੇ ਸਾਰ ਨਹੀਂ ਲਈ | ਪਿੰਡ ਬਚਾਓ ਲੋਕ ਬਚਾਓ ਕਮੇਟੀ ਬੀਤ ਦੇ ਪ੍ਰਧਾਨ ਅਸ਼ੋਕ ਕੁਮਾਰ, ਕੁਲਭੂਸ਼ਨ ਕੁਮਾਰ ਸਾਬਕਾ ਸਰਪੰਚ, ਸਰਵਣ ਕਸਾਣਾ ਮੈਂਬਰ ਬਲਾਕ ਸੰਮਤੀ, ਪਿ੍ੰਸੀਪਲ ਤਰਲੋਚਨ ਸਿੰਘ ਚੇਚੀ ਡੰਗੋਰੀ ਨੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਇਸ ਸੜਕ ਦੀ ਪਹਿਲ ਦੇ ਅਧਾਰ 'ਤੇ ਮੁਰੰਮਤ ਕਰਵਾਈ ਜਾਵੇ ਨਹੀਂ ਤਾਂ ਲੋਕ ਸੰਘਰਸ਼ ਲਈ ਮਜਬੂਰ ਹੋਣਗੇ |