ਤਲਵਾੜਾ, 4 ਮਈ (ਐਚ. ਐਸ. ਮਿੱਠੂ)-ਜ਼ਿਲ੍ਹਾ ਕਮ ਸੈਸ਼ਨ ਅਦਾਲਤ ਨੇ ਐਕਸੀਡੈਂਟ ਕੇਸ ਦੀ ਸੁਣਾਵਾਈ ਦੌਰਾਨ ਬੀਮਾ ਕੰਪਨੀ ਨੂੰ 1 ਕਰੋੜ 34 ਲੱਖ ਰੁਪਏ ਤੋਂ ਵੱਧ ਦੀ ਰਕਮ ਪੀੜਤ ਪਰਿਵਾਰ ਨੂੰ ਅਦਾ ਕਰਨ ਦਾ ਫ਼ੈਸਲਾ ਸੁਣਾਇਆ ਹੈ | ਪੀੜਤ ਪਰਿਵਾਰ ਦੇ ਨੇੜਲੇ ਰਿਸ਼ਤੇਦਾਰ ਤੇ ਕਾਰੋਬਾਰੀ ਸਤਨਾਮ ਸੈਣੀ ਨੇ ਦੱਸਿਆ ਕਿ ਲੰਘੇ ਸਾਲ 13 ਜੂਨ ਬ੍ਰਜੇਸ਼ ਕੁਮਾਰ (56) ਜੋ ਕਿ ਪੌਂਗ ਡੈਮ, ਪਾਵਰ ਹਾਊਸ ਸਰਕਲ ਤਲਵਾੜਾ 'ਚ ਬਤੌਰ ਸੁਪਰਡੈਂਟ ਤਾਇਨਾਤ ਸੀ, ਸ਼ਾਮ ਵਕਤ ਆਪਣੀ ਪਤਨੀ ਨਾਲ ਬੀ. ਬੀ. ਐਮ. ਬੀ. ਕਾਲੋਨੀ ਦੇ ਮੱਧ ਮਾਰਗ 'ਚ ਸੈਰ ਕਰ ਰਿਹਾ ਸੀ | ਪਿੱਛਿਓਾ ਆਏ ਇਕ ਮੋਟਰਸਾਈਕਲ ਨੇ ਬ੍ਰਜੇਸ਼ ਕੁਮਾਰ ਨੂੰ ਜ਼ੋਰ ਨਾਲ ਟੱਕਰ ਮਾਰ ਦਿੱਤੀ, ਜਿਸ ਕਰਕੇ ਉਸ ਦੀ ਅਗਲੇ ਦਿਨ ਜਲੰਧਰ ਦੇ ਇਕ ਨਿੱਜੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ ਸੀ | ਮਿ੍ਤਕ ਦੇ ਵਾਰਸਾਂ ਨੇ ਮੁਆਵਜ਼ੇ ਦਾ ਕੇਸ ਆਪਣੇ ਵਕੀਲ ਪਰਮਜੀਤ ਸਿੰਘ ਨਈਅਰ ਰਾਹੀਂ ਸੈਸ਼ਨ ਕੋਰਟ 'ਚ ਕੀਤਾ ਸੀ | ਜ਼ਿਲ੍ਹਾ ਤੇ ਸੈਸ਼ਨ ਜੱਜ ਰਜਿੰਦਰ ਅਗਰਵਾਲ ਨੇ ਅਹਿਮ ਸੁਣਵਾਈ ਦੌਰਾਨ ਲੰਘੀ 24 ਤਰੀਕ ਨੂੰ ਏਕੋ ਜਨਰਲ ਬੀਮਾ ਕੰਪਨੀ ਨੂੰ ਪੀੜਤ ਪਰਿਵਾਰ ਨੂੰ 1 ਕਰੋੜ 34 ਲੱਖ 69000 ਰੁਪਏ ਬਤੌਰ ਮੁਆਵਜ਼ਾ ਦੇਣ ਦਾ ਫ਼ੈਸਲਾ ਦਿੱਤਾ ਹੈ |