ਹੁਸ਼ਿਆਰਪੁਰ, 8 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-'ਆਪ' ਦੇ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੂੰ ਵੀਰਵਾਰ ਸਵੇਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਂਅ 'ਤੇ ਇਕ ਸ਼ੱਕੀ ਫ਼ੋਨ ਕਾਲ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ | ਚੱਬੇਵਾਲ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਿਸ ਨੂੰ ਇਸ ਦੀ ਸ਼ਿਕਾਇਤ ਕੀਤੀ ਹੈ | ਡਾ. ਚੱਬੇਵਾਲ ਨੇ ਦੱਸਿਆ ਕਿ ਵੀਰਵਾਰ ਨੂੰ ਸਵੇਰੇ ਕਰੀਬ 8.45 ਵਜੇ ਉਨ੍ਹਾਂ ਦੇ ਮੋਬਾਈਲ ਫ਼ੋਨ 'ਤੇ ਇਕ ਅਣਪਛਾਤੇ ਨੰਬਰ 'ਤੋਂ ਫ਼ੋਨ ਆਇਆ | ਫ਼ੋਨ ਕਰਨ ਵਾਲੇ ਵਿਅਕਤੀ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਉਨ੍ਹਾਂ ਨਾਲ ਗੱਲ ਕਰਨਾ ਚਾਹੁੰਦੇ ਹਨ | ਇਸ ਦੇ ਬਾਅਦ ਦੂਜੇ ਵਿਅਕਤੀ ਨੇ ਫ਼ੋਨ 'ਤੇ ਖ਼ੁਦ ਨੂੰ ਅਮਿਤ ਸ਼ਾਹ ਦੱਸਦੇ ਹੋਏ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਪੱੁਛਿਆ ਕਿ ਉਹ ਇਸ ਵੇਲੇ ਕਿੱਥੇ ਹਨ | ਡਾ. ਚੱਬੇਵਾਲ ਨੇ ਕਿਹਾ ਕਿ ਉਹ ਆਪਣੇ ਸੰਸਦੀ ਖੇਤਰ ਹੁਸ਼ਿਆਰਪੁਰ ਵਿਖੇ ਮੌਜੂਦ ਹਨ | ਇਸ 'ਤੇ ਖ਼ੁਦ ਨੂੰ ਅਮਿਤ ਸ਼ਾਹ ਦੱਸਣ ਵਾਲੇ ਵਿਅਕਤੀ ਨੇ ਕਿਹਾ ਕਿ ਉਹ ਜਦੋਂ ਦਿੱਲੀ ਆਉਣ ਤਾਂ ਉਨ੍ਹਾਂ ਨਾਲ ਮੁਲਾਕਾਤ ਕਰਨ | ਉਨ੍ਹਾਂ ਨੇ ਦੱਸਿਆ ਕਿ ਗੱਲਬਾਤ ਦੌਰਾਨ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਫ਼ੋਨ ਕਰਨ ਵਾਲੇ ਦੀ ਆਵਾਜ਼ ਅਮਿਤ ਸ਼ਾਹ ਵਰਗੀ ਨਹੀਂ ਸੀ ਤੇ ਨਾ ਹੀ ਕਾਲ ਕਿਸੇ ਅਧਿਕਾਰਤ ਨੰਬਰ ਤੋਂ ਆਈ ਸੀ | ਮਾਮਲਾ ਸ਼ੱਕੀ ਲੱਗਣ 'ਤੇ ਉਨ੍ਹਾਂ ਤੁਰੰਤ ਜ਼ਿਲ੍ਹਾ ਪੁਲਿਸ ਮੁਖੀ ਨਾਲ ਸੰਪਰਕ ਕੀਤਾ ਤੇ ਸੰਬੰਧਿਤ ਮੋਬਾਈਲ ਨੰਬਰ ਤੇ ਕਾਲ ਦੀ ਪੂਰੀ ਜਾਣਕਾਰੀ ਦੇ ਕੇ ਜਾਂਚ ਕਰਨ ਨੂੰ ਕਿਹਾ | ਪੁਲਿਸ ਸੂਤਰਾਂ ਅਨੁਸਾਰ ਸ਼ਿਕਾਇਤ ਮਿਲਣ ਦੇ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਤਕਨੀਕੀ ਜਾਂਚ ਦੇ ਨਾਲ ਕਾਲ ਕਰਨ ਵਾਲੇ ਵਿਅਕਤੀ ਤੇ ਨੰਬਰ ਦੀ ਪਹਿਚਾਣ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ |
ਅਮਿਤ ਸ਼ਾਹ ਦੇ ਨਾਂਅ 'ਤੇ 'ਆਪ' ਸੰਸਦ ਮੈਂਬਰ ਡਾ. ਰਾਜ ਨੂੰ ਆਇਆ ਫ਼ੋਨ, ਪੁਲਿਸ ਜਾਂਚ 'ਚ ਜੁਟੀ
ਅਜੀਤ ਡੈਸਕ
09-05-2026