ਟਾਂਡਾ ਉੜਮੁੜ, 8 ਮਈ (ਕੁਲਬੀਰ ਸਿੰਘ ਗੁਰਾਇਆ)-ਪਿੰਡ ਨੰਗਲੀ ਜਲਾਲਪੁਰ ਵਿਖੇ ਟਰੈਕਟਰ ਮਾਰ ਕੇ ਪਲਾਟ ਦੀ ਕੰਧ ਤੋੜ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਇਕ ਵਿਅਕਤੀ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਨੇ ਇਹ ਮਾਮਲਾ ਫੌਜਾ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਨੰਗਲੀ ਜਲਾਲਪੁਰ ਦੇ ਬਿਆਨਾਂ ਦੇ ਅਧਾਰ 'ਤੇ ਮੰਗਤ ਸਿੰਘ ਪੁੱਤਰ ਉਤਮ ਸਿੰਘ ਦੇ ਖ਼ਿਲਾਫ਼ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਫੌਜਾ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਉਸ ਦੇ ਪਲਾਟ 'ਤੇ ਕੀਤੀ ਗਈ ਚਾਰਦੀਵਾਰੀ ਨੂੰ ਤੋੜ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ | ਜਦੋਂ ਇਸ ਸੰਬੰਧੀ ਉਸ ਨੂੰ ਰੋਕਿਆ ਗਿਆ ਤਾਂ ਉਸ ਨੇ ਗਾਲੀ-ਗਲੋਚ ਕਰਦੇ ਹੋਏ ਕਿਹਾ ਕਿ ਇਹ ਪਲਾਟ ਮਨਜੀਤ ਸਿੰਘ ਨੂੰ ਵੇਚ ਦਿੱਤਾ ਹੈ ਜਿਸ ਤੋਂ ਮੈਂ ਖਰੀਦ ਲਿਆ ਹੈ | ਇਸ ਮੌਕੇ ਮੰਗਤ ਸਿੰਘ ਨੇ ਦੋਸ਼ ਲਗਾਇਆ ਕਿ ਫੌਜਾ ਸਿੰਘ ਜਾਂਦੇ ਸਮੇਂ ਉਸ ਦੇ ਪਲਾਟ ਦੀਆਂ ਇੱਟਾਂ ਵੀ ਨਾਲ ਲੈ ਗਿਆ | ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |