ਹਾਜੀਪੁਰ, 8 ਮਈ (ਜੋਗਿੰਦਰ ਸਿੰਘ)-ਗੁਰੂ ਨਾਨਕ ਸੇਵਾ ਸੁਸਾਇਟੀ ਰਜਿ. ਗੇਰਾ ਦੇ ਮੁੱਖ ਸੇਵਾਦਾਰ ਜਥੇਦਾਰ ਕਿਰਪਾਲ ਸਿੰਘ ਗੇਰਾ ਨੇ ਗੰਨਾ ਕਾਸ਼ਤਕਾਰਾਂ ਦੀ ਬਕਾਇਆ ਰਾਸ਼ੀ ਉਨ੍ਹਾਂ ਦੇ ਖਾਤਿਆਂ 'ਚ ਪਾਉਣ 'ਤੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਡੀ. ਸੀ. ਹੁਸ਼ਿਆਰਪੁਰ ਆਸ਼ਿਕਾ ਜੈਨ ਦਾ ਧੰਨਵਾਦ ਕੀਤਾ ਹੈ | ਜ਼ਿਕਰਯੋਗ ਹੈ ਕਿ ਗੁਰੂ ਨਾਨਕ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਕਿਰਪਾਲ ਸਿੰਘ ਗੇਰਾ ਨੇ ਸੁਸਾਇਟੀ ਦੇ ਲੈਟਰ ਪੈਡ 'ਤੇ ਡੀ. ਸੀ. ਹੁਸ਼ਿਆਰਪੁਰ ਨੂੰ ਪੱਤਰ ਲਿਖਿਆ ਸੀ ਕਿ 1 ਕੁਇੰਟਲ ਪਿੱਛੇ ਸਰਕਾਰ ਨੇ ਗੰਨਾ ਕਾਸ਼ਤਕਾਰਾਂ ਨੂੰ 68 ਰੁਪਏ ਦੇਣੇ ਹਨ, ਜੋ ਕਿ ਕਿਸਾਨਾਂ ਦੇ 56 ਕਰੋੜ ਰੁਪਏ ਬਣਦਾ ਹੈ | ਉਨ੍ਹਾਂ ਕਿਹਾ ਡੀ. ਸੀ. ਹੁਸ਼ਿਆਰਪੁਰ ਨੇ ਮੁਕੇਰੀਆਂ ਦੇ ਗੰਨਾ ਕਾਸ਼ਤਕਾਰਾਂ ਦੇ ਖਾਤਿਆਂ 'ਚ 27 ਕਰੋੜ 42 ਲੱਖ 58 ਹਜ਼ਾਰ 287 ਰੁਪਏ ਪਾ ਦਿੱਤੇ ਹਨ | ਇਸ ਮੌਕੇ ਜਥੇਦਾਰ ਕਿਰਪਾਲ ਸਿੰਘ ਗੇਰਾ ਨੇ ਦੱਸਿਆ ਕਿ ਗੁਰੂ ਨਾਨਕ ਸੇਵਾ ਸੁਸਾਇਟੀ ਪਿਛਲੇ 30 ਸਾਲਾਂ ਤੋਂ ਕਿਸਾਨਾਂ ਦੀ ਸੇਵਾ ਕਰਦੀ ਆ ਰਹੀ ਹੈ |