ਅੱਡਾ ਸਰਾਂ, 8 ਮਈ (ਮਸੀਤੀ)-ਗੁਰੂ ਗੋਬਿੰਦ ਸਿੰਘ ਐਜੂਕੇਸ਼ਨ ਸੁਸਾਇਟੀ ਬੋਕਾਰੋ (ਝਾਰਖੰਡ) ਅਧੀਨ ਚਲਾਏ ਜਾ ਰਹੇ ਇਲਾਕੇ ਦੀ ਪ੍ਰਮੁੱਖ ਸਿੱਖਿਆ ਸੰਸਥਾ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਨੈਣੋਵਾਲ ਵੈਦ ਵਿਖੇ ਇੰਟਰ ਹਾਊਸ ਸ਼ਤਰੰਜ ਮੁਕਾਬਲੇ ਕਰਵਾਏ ਗਏ | ਪਿ੍ੰਸੀਪਲ ਹਰਜੀਤ ਸਿੰਘ ਦੀ ਅਗਵਾਈ ਹੇਠ ਕਰਵਾਏ ਮੁਕਾਬਲਿਆਂ 'ਚ ਸਾਰੇ ਹਾਊਸਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਤੇ ਖੇਡ ਭਾਵਨਾ ਨਾਲ ਭਾਗ ਲਿਆ | ਇਸ ਦੌਰਾਨ ਲੜਕਿਆਂ ਦੇ ਵਰਗ 'ਚ ਬਾਬਾ ਜੁਝਾਰ ਸਿੰਘ ਜੀ ਹਾਊਸ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ, ਬਾਬਾ ਜ਼ੋਰਾਵਰ ਸਿੰਘ ਜੀ ਹਾਊਸ ਨੇ ਦੂਜਾ ਤੇ ਬਾਬਾ ਫਤਹਿ ਸਿੰਘ ਜੀ ਹਾਊਸ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਲੜਕੀਆਂ ਦੇ ਵਰਗ 'ਚ ਵੀ ਬਾਬਾ ਜੁਝਾਰ ਸਿੰਘ ਜੀ ਹਾਊਸ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕਰਕੇ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ | ਬਾਬਾ ਜ਼ੋਰਾਵਰ ਸਿੰਘ ਜੀ ਹਾਊਸ ਨੇ ਦੂਜਾ ਤੇ ਬਾਬਾ ਅਜੀਤ ਸਿੰਘ ਜੀ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਹਰਜੀਤ ਸਿੰਘ ਨੇ ਕਿਹਾ ਕਿ ਖੇਡਾਂ ਮਨੁੱਖ ਦੇ ਸਰੀਰਕ ਤੇ ਮਾਨਸਿਕ ਵਿਕਾਸ ਲਈ ਬਹੁਤ ਜ਼ਰੂਰੀ ਹਨ | ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ 'ਚ ਵੀ ਭਾਗ ਲੈਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਦਾ ਸਰਬਪੱਖੀ ਵਿਕਾਸ ਹੋ ਸਕੇ | ਸਕੂਲ ਪ੍ਰਬੰਧਕਾਂ ਵਲੋਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਇਸ ਮੌਕੇ ਸਕੂਲ ਦੇ ਖੇਡ ਵਿਭਾਗ ਨਾਲ ਜੁੜੇ ਅਧਿਆਪਕਾਂ ਦੇ ਨਾਲ ਹੋਰ ਸਟਾਫ਼ ਮੈਂਬਰ ਵੀ ਮੌਜੂਦ ਰਹੇ |