ਹੁਸ਼ਿਆਰਪੁਰ, 8 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਤੇ ਸਿਵਲ ਸਰਜਨ ਡਾ. ਮਨਦੀਪ ਕੌਰ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਭਰ 'ਚ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ ਦੀ ਅਗਵਾਈ ਹੇਠ ਥੈਲਾਸੀਮੀਆ ਦਿਵਸ ਸੰਬੰਧੀ ਆਈ. ਈ. ਸੀ. ਗਤੀਵਿਧੀਆਂ ਅਧੀਨ ਜਾਗਰੂਕਤਾ ਸੈਮੀਨਾਰ ਲਗਾਏ ਗਏ | ਸਿਵਲ ਹਸਪਤਾਲ ਵਿਚ ਵਰਧਮਾਨ ਯਾਰਡ ਐਂਡ ਥਰੈਡਸ ਲਿਮਟਿਡ ਦੇ ਸਹਿਯੋਗ ਨਾਲ ਲਗਾਏ ਜ਼ਿਲ੍ਹਾ ਪੱਧਰੀ ਸੈਮੀਨਾਰ ਦੌਰਾਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਚੰਡੀਗੜ੍ਹ, ਪੰਜਾਬ ਦੇ ਡਾਇਰੈਕਟਰ ਐਸ. ਜੇ. ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ | ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਵਾਤੀ ਸ਼ੀਂਮਾਰ, ਸੀਨੀਅਰ ਮੈਡੀਕਲ ਅਫ਼ਸਰ ਡਾ. ਨਵਜੋਤ ਸਿੰਘ, ਸੀਨੀਅਰ ਮੈਡੀਕਲ ਅਫ਼ਸਰ, ਡਾ. ਨੇਹਾ ਪਾਲ, ਡਾ. ਵੈਸ਼ਾਲੀ, ਡਾ. ਸੁਪ੍ਰੀਤ, ਡਾ. ਰਣਵੀਰ,ਵਰਧਮਾਨ ਗਰੁੱਪ ਤੋਂ ਮੈਡਮ ਪੂਨਮ ਪਾਲ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਤਰਸੇਮ ਲਾਲ, ਡਿਪਟੀ ਮਾਸ ਮੀਡੀਆ ਅਫ਼ਸਰ ਰਵਿੰਦਰ ਜੱਸਲ, ਬਲਾਕ ਹੈਲਥ ਐਜੂਕੇਟਰ ਰੋਹਿਤ ਸ਼ਰਮਾ, ਸਾਈਕੋਲੋਜਿਸਟ ਮੁਸਕਾਨ ਤੇ ਸਟਾਫ਼ ਨਰਸ ਰੇਨੂੰ ਸਮੇਤ ਨਰਸਿੰਗ ਵਿਦਿਆਰਥਣਾਂ ਹਾਜ਼ਰ ਸਨ | ਇਸ ਮੌਕੇ ਡਾ. ਐਸ. ਜੇ. ਸਿੰਘ ਨੇ ਦੱਸਿਆ ਕਿ ਇਸ ਦਿਵਸ ਦਾ ਮੁੱਖ ਉਦੇਸ਼ ਥੈਲਾਸੀਮੀਆ ਬਾਰੇ ਗਿਆਨ ਸਾਂਝਾ ਕਰਨਾ, ਜਾਣਕਾਰੀ ਦਾ ਆਦਾਨ-ਪ੍ਰਦਾਨ ਕਰਨਾ ਤੇ ਗੁਣਵੱਤਾ ਵਾਲੀ ਥੈਲੇਸੀਮੀਆ ਸਿੱਖਿਆ ਦੇਣਾ ਹੈ | ਇਸ ਦੌਰਾਨ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾਕਟਰ ਸੀਮਾ ਗਰਗ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਰਾਹੀਂ ਆਮ ਨਾਗਰਿਕਾਂ ਨੂੰ ਖ਼ੂਨਦਾਨ ਪ੍ਰਤੀ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ | ਇਸ ਮੌਕੇ ਚਾਈਲਡ ਸਪੈਸ਼ਲਿਸਟ ਡਾ. ਹਰਨੂਰਜੀਤ ਕੌਰ ਨੇ ਦੱਸਿਆ ਕਿ ਥੈਲੇਸੀਮੀਆ ਇਕ ਜਮਾਂਦਰੂ ਰੋਗ ਹੈ ਤੇ ਇਸ ਰੋਗ ਤੋਂ ਪੀੜਤ ਬੱਚੇ ਦੇ ਸਰੀਰ 'ਚ ਖ਼ੂਨ ਆਮ ਨਾਲੋਂ ਬਹੁਤ ਘੱਟ ਬਣਦਾ ਹੈ | ਥੈਲੇਸੀਮੀਆ ਤੋਂ ਪੀੜਤ ਬੱਚੇ ਨੂੰ ਆਮ ਜੀਵਨ ਜਿਊਣ ਲਈ ਲਗਾਤਾਰ ਖ਼ੂਨ ਚੜ੍ਹਾਉਣ ਦੀ ਲੋੜ ਪੈਂਦੀ ਹੈ | ਇਸ ਮੌਕੇ ਨਰਸਿੰਗ ਵਿਦਿਆਰਥਣਾਂ ਵਲੋਂ ਜਾਗਰੂਕਤਾ ਪੋਸਟਰ ਵੀ ਤਿਆਰ ਕੀਤੇ ਗਏ |