ਗੜ੍ਹਸ਼ੰਕਰ, 11 ਮਈ (ਧਾਲੀਵਾਲ)-ਸਾਬਕਾ ਕਾਂਗਰਸੀ ਵਿਧਾਇਕ ਲਵ ਕੁਮਾਰ ਗੋਲਡੀ ਨੇ ਬਿਸਤ-ਦੁਆਬ ਨਹਿਰ 'ਤੇ ਪਿੰਡਾਂ ਨੂੰ ਜਾਣ ਲਈ ਲਾਂਘੇ ਬਣਾਉਣ ਵਾਲੇ ਆਈ ਗਰਾਂਟ ਕਥਿਤ ਤੌਰ 'ਤੇ ਖ਼ੁਰਦ ਬੁਰਦ ਕਰਨ ਦਾ ਦੋਸ਼ ਲਗਾਇਆ ਹੈ | ਬਿਸਤ ਦੁਆਬ ਨਹਿਰ 'ਤੇ ਪਿੰਡ ਮੋਹਣਵਾਲ ਵਿਖੇ ਬਣੇ ਲਾਂਘੇ 'ਤੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਲੈ ਕੇ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਨੇ ਕਿਹਾ ਕਿ ਮੇਰੇ ਪਿਤਾ ਜੀ ਪੰਡਤ ਸਰਵਣ ਰਾਮ ਨੇ ਵਿਧਾਇਕ ਹੰੁਦਿਆਂ 1980 'ਚ ਬਿਸਤ-ਦੁਆਬ ਨਹਿਰ 'ਤੇ 18 ਦੇ ਕਰੀਬ ਲਾਂਘੇ ਬਣਵਾਏ ਸੀ | ਉਨ੍ਹਾਂ ਕਿਹਾ ਲਾਂਘੇ ਖਸਤਾ ਤੇ ਛੋਟੇ ਹੋ ਜਾਣ ਕਾਰਨ ਲੋਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਪਿਛਲੇ ਕਾਂਗਰਸ ਸਰਕਾਰ ਵਿਚ ਸਿੰਬਲੀ ਤੋਂ ਲੈ ਕੇ ਪਿੰਡ ਬਿੰਜੋਂ ਤੱਕ 18 ਲਾਂਘੇ ਬਣਾਉਣ ਲਈ ਵੱਡੇ ਲਾਂਘਿਆਂ ਲਈ 34 ਲੱਖ ਤੇ ਛੋਟੇ ਲਾਂਘਿਆਂ ਲਈ 23 ਲੱਖ ਰੁਪਏ ਮਨਜ਼ੂਰ ਕਰਵਾਏ ਲਿਆਂਦੇ ਗਏ ਸਨ | ਸਾਬਕਾ ਵਿਧਾਇਕ ਗੋਲਡੀ ਨੇ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਆਈ ਗਰਾਂਟ ਨਾਲ 8-9 ਲਾਂਘੇ ਤਾਂ ਚੌੜੇ ਕਰਕੇ ਬਣਾ ਦਿੱਤੇ ਗਏ ਸਨ ਪਰ ਸਰਕਾਰ ਬਦਲਣ ਤੋਂ ਬਾਅਦ ਬਾਕੀ ਲਾਂਘੇ ਹੁਣ ਤੱਕ ਨਹੀਂ ਬਣੇ | ਉਨ੍ਹਾਂ ਕਿਹਾ ਕਿ ਜਿਹੜੇ ਪਿੰਡਾਂ ਲਈ ਲਾਂਘੇ ਬਣ ਗਏ ਉਨ੍ਹਾਂ ਨੂੰ ਵੱਡੀ ਸਹੂਲਤ ਮਿਲ ਗਈ, ਜਿਹੜੇ ਮੋਇਲਾ ਵਾਹਿਦਪੁਰ, ਐਮਾ ਮੁਗਲਾਂ, ਅਕਾਲਗੜ੍ਹ ਆਦਿ ਪਿੰਡਾਂ ਦੇ ਲਾਂਘੇ ਨਹੀਂ ਬਣੇ ਉਨ੍ਹਾਂ ਪਿੰਡਾਂ ਦੇ ਲੋਕ ਅੱਜ ਵੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਲਾਂਘਿਆਂ ਲਈ ਆਏ ਪੈਸੇ 'ਆਪ' ਸਰਕਾਰ ਦੇ ਰਾਜ ਵਿਚ ਕਥਿਤ ਤੌਰ 'ਤੇ ਖ਼ੁਰਦ ਬੁਰਦ ਕਰ ਦਿੱਤੇ ਗਏ ਹਨ | ਇਸ ਮੌਕੇ ਆੜ੍ਹਤੀ ਕਸ਼ਮੀਰ ਸਿੰਘ ਚਾਹਲਪੁਰ ਤੇ ਵੱਖ-ਵੱਖ ਪਿੰਡਾਂ ਦੇ ਲੋਕ ਹਾਜ਼ਰ ਸਨ |