ਸ਼ਾਮਚੁਰਾਸੀ, 13 ਮਈ (ਗੁਰਮੀਤ ਸਿੰਘ ਖ਼ਾਨਪੁਰੀ)-ਬਾਬਾ ਜਵਾਹਰ ਜੀ ਦੀ ਯਾਦ ਵਿਚ ਪਿੰਡ ਸੂਸਾਂ ਵਿਖੇ 13 ਤੋਂ 15 ਮਈ ਤੱਕ ਕਰਵਾਏ ਜਾ ਰਹੇ ਵਿਸ਼ਾਲ ਮੇਲੇ ਸਬੰਧੀ ਪੁਲਿਸ ਵੱਲੋਂ ਡੇਰੇ ਦੇ ਚਾਰ-ਚੁਫੇਰੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਤਾਂ ਜੋ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਆਵੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੇਜਰ ਸਿੰਘ ਐਸ.ਪੀ. ਅਤੇ ਨਰਿੰਦਰ ਸਿੰਘ ਡੀ.ਐਸ.ਪੀ. (ਆਰ) ਨੇ ਦੱਸਿਆ ਕਿ ਸੰਗਤ ਦੀ ਵੱਡੀ ਆਮਦ ਦੇ ਮੱਦੇਨਜ਼ਰ ਡੇਰੇ ਦੇ ਲਗਪਗ ਅੱਧਾ ਕਿੱਲੋਮੀਟਰ ਦੇ ਘੇਰੇ ਅੰਦਰ ਟਰੈਕਟਰ ਅਤੇ ਹੋਰ ਵਾਹਨਾਂ ਦੇ ਆਉਣ 'ਤੇ ਪੂਰਨ ਪਾਬੰਦੀ ਲਗਾਈ ਗਈ ਹੈ | ਡੇਰੇ ਨੂੰ ਆਉਣ ਵਾਲੇ ਸਾਰੇ ਰਸਤਿਆਂ 'ਤੇ ਖੁੱਲ੍ਹੀ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਟਰੈਕਟਰਾਂ 'ਤੇ ਉੱਚੀ ਆਵਾਜ਼ ਵਾਲੇ ਸਪੀਕਰ ਲਗਾ ਕੇ ਸ਼ੋਰ ਮਚਾਉਣ, ਮੋਡੀਫਾਈਡ ਸਾਈਲੈਂਸਰ ਵਰਤਣ, ਲੰਡੀਆਂ ਜੀਪਾਂ ਜਾਂ ਹੋਰ ਵਾਹਨਾਂ ਰਾਹੀਂ ਹੁੱਲੜਬਾਜ਼ੀ ਕਰਨ, ਸਟੰਟਬਾਜ਼ੀ ਕਰਨ ਅਤੇ ਬਿਨਾਂ ਮਨਜ਼ੂਰੀ ਟੋਚਨ ਮੁਕਾਬਲੇ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਬਾਬਾ ਜਵਾਹਰ ਦਾਸ ਜੀ ਦਾ ਇਹ ਮੇਲਾ ਸਾਂਝੀ ਵਿਰਾਸਤ ਅਤੇ ਆਸਥਾ ਨਾਲ ਜੁੜਿਆ ਹੋਇਆ ਸਮਾਗਮ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂ, ਬਜ਼ੁਰਗ, ਮਹਿਲਾਵਾਂ ਅਤੇ ਬੱਚੇ ਸ਼ਾਮਲ ਹੁੰਦੇ ਹਨ | ਉੱਚੀ ਆਵਾਜ਼ ਅਤੇ ਖ਼ਤਰਨਾਕ ਸਟੰਟਬਾਜ਼ੀ ਨਾਲ ਨਾ ਸਿਰਫ਼ ਕਾਨੂੰਨ ਦੀ ਉਲੰਘਣਾ ਹੁੰਦੀ ਹੈ, ਸਗੋਂ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਵੀ ਖ਼ਤਰਾ ਪੈਦਾ ਹੁੰਦਾ ਹੈ | ਇਸ ਲਈ ਅਜਿਹੀਆਂ ਗਤੀਵਿਧੀਆਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਪੁਲਿਸ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੇਲੇ ਦੀ ਰੌਣਕ ਨੂੰ ਬਣਾਈ ਰੱਖਣ ਲਈ ਸਹਿਯੋਗ ਦੇਣ ਅਤੇ ਕਿਸੇ ਵੀ ਤਰ੍ਹਾਂ ਦੀ ਅਨੁਸ਼ਾਸਨਹੀਣਤਾ ਤੋਂ ਬਚਣ | ਉਨ੍ਹਾਂ ਲੰਗਰ ਅਤੇ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਲਗਾਉਣ ਵਾਲੇ ਸੇਵਾਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਰਸਤਿਆਂ ਤੋਂ ਥੋੜ੍ਹਾ ਪਿੱਛੇ ਹਟ ਕੇ ਪ੍ਰਬੰਧ ਕਰਨ ਤਾਂ ਜੋ ਆਵਾਜਾਈ ਵਿਚ ਵਿਘਨ ਨਾ ਪਵੇ |