ਮੁਕੇਰੀਆਂ, 13 ਮਈ (ਰਾਮਗੜ੍ਹੀਆ) - ਮੁਲਾਜ਼ਮਾਂ ਦੀਆਂ ਵਿੱਤੀ ਮੰਗਾਂ ਹੱਲ ਕਰਨ ਤੋਂ ਇਨਕਾਰੀ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਨੂੰ ਹੋਰ ਮਘਾਉਣ ਲਈ 'ਪੁਰਾਣੇ ਸਕੇਲ, ਪੁਰਾਣੀ ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚੇ' ਵਲੋਂ 17 ਮਈ ਨੂੰ ਮੋਹਾਲੀ ਵਿਖੇ ਵਿਸ਼ਾਲ ਰੋਸ ਰੈਲੀ ਕਰਨ ਉਪਰੰਤ ਮੁੱਖ ਮੰਤਰੀ ਪੰਜਾਬ ਦੇ ਨਿਵਾਸ ਵੱਲ ਕੀਤੇ ਜਾ ਰਹੇ ਰੋਸ ਮਾਰਚ ਦੀਆਂ ਤਿਆਰੀਆਂ ਜ਼ੋਰਾਂ ਉੱਤੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਦੇ ਦੋਆਬਾ ਜ਼ੋਨ ਦੇ ਕਨਵੀਨਰ ਇੰਦਰ ਸੁਖਦੀਪ ਸਿੰਘ ਓਢਰਾ, ਜ਼ਿਲ੍ਹਾ ਕਨਵੀਨਰ ਮਨਜੀਤ ਸਿੰਘ ਦਸੂਹਾ, ਬਲਾਕ ਮੁਕੇਰੀਆਂ ਦੇ ਪ੍ਰਧਾਨ ਬਲਕਾਰ ਸਿੰਘ ਪੁਰੀਕਾ ਅਤੇ ਜਨਰਲ ਸਕੱਤਰ ਵਰਿੰਦਰ ਸੈਣੀ ਨੇ ਦੱਸਿਆ ਕਿ ਪੰਜਾਬ ਦੀ 'ਆਪ' ਸਰਕਾਰ ਵਲੋਂ ਮੁਲਾਜ਼ਮਾਂ ਦੀਆਂ ਵਿੱਤੀ ਮੰਗਾਂ ਪ੍ਰਤੀ ਅਪਣਾਈ ਬੇਰੁਖ਼ੀ ਦਾ ਬਣਦਾ ਜਵਾਬ ਵੱਡੇ ਸੰਘਰਸ਼ਾਂ ਰਾਹੀਂ ਦਿੱਤਾ ਜਾਵੇਗਾ | ਵਿੱਤ ਮੰਤਰੀ ਹਰਪਾਲ ਚੀਮਾ ਵਲੋਂ ਵਿਧਾਨ ਸਭਾ ਵਿਚ 'ਪੁਰਾਣੀ ਪੈਨਸ਼ਨ ਬਹਾਲ ਕਰਨ 'ਚ ਕਾਹਲੀ ਨਾ ਦਿਖਾਉਣ' ਦੇ ਦਿੱਤੇ ਬਿਆਨ ਰਾਹੀਂ 4 ਸਾਲ ਪਹਿਲਾਂ ਆਪਣੀ ਹੀ ਸਰਕਾਰ ਦੇ ਕਾਗ਼ਜ਼ੀ ਨੋਟੀਫ਼ਿਕੇਸ਼ਨ ਨੂੰ ਲਾਗੂ ਕਰਨ ਤੋਂ ਨੰਗੇ ਚਿੱਟੇ ਰੂਪ ਵਿਚ ਮੁਨਕਰ ਹੋਣ ਦੀ ਵੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਪੰਜਾਬ ਸਰਕਾਰ ਨੂੰ ਮੁਲਾਜ਼ਮ ਸੰਘਰਸ਼ਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦੀ ਚੇਤਾਵਨੀ ਦਿੱਤੀ ਗਈ | ਆਗੂਆਂ ਨੇ ਦੱਸਿਆ ਕਿ ਨਵੇਂ ਕੇਂਦਰੀ ਸਕੇਲਾਂ ਆਧਾਰਿਤ 17-7-2020 ਦਾ ਨੋਟੀਫ਼ਿਕੇਸ਼ਨ ਮੁੱਢੋਂ ਰੱਦ ਕਰਵਾ ਕੇ ਛੇਵੇਂ ਪੰਜਾਬ ਤਨਖ਼ਾਹ ਕਮਿਸ਼ਨ ਸਮੇਤ 15% ਵਾਧੇ ਅਨੁਸਾਰ ਤਨਖ਼ਾਹਾਂ ਫਿਕਸ ਕਰਵਾਉਣ, ਡਾ. ਸੌਰਵ ਸ਼ਰਮਾ ਤੇ ਬਾਕੀ ਸਮਾਨ ਅਦਾਲਤੀ ਕੇਸਾਂ ਵਿਚ ਸੇਵਾ ਨਿਯਮਾਂ ਅਨੁਸਾਰ ਸਹੀ ਅਰਥਾਂ 'ਚ ਪੰਜਾਬ ਤਨਖ਼ਾਹ ਸਕੇਲ ਲਾਗੂ ਕਰਵਾਉਣ, ਸਮਗਰੀ ਸਿੱਖਿਆ ਅਭਿਆਨ ਤੋਂ ਸਿੱਖਿਆ ਵਿਭਾਗ ਵਿਚ ਤਨਖ਼ਾਹ ਕਟੌਤੀ ਕਰਦੇ ਹੋਏ ਨਵੇਂ ਸਕੇਲਾਂ ਵਿਚ ਰੈਗੂਲਰ ਕੀਤੇ ਨਾਨ ਟੀਚਿੰਗ ਕਰਮਚਾਰੀਆਂ ਨੂੰ ਸਾਲ 2018 ਤੋਂ ਬਣਦੀ ਰੈਗੂਲਰਾਈਜੇਸ਼ਨ ਅਨੁਸਾਰ ਪੰਜਾਬ ਤਨਖ਼ਾਹ ਸਕੇਲਾਂ ਦੇ ਸਾਰੇ ਲਾਭ ਬਹਾਲ ਕਰਨ, 1-1-2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਉੱਪਰ ਲਾਗੂ ਕਾਰਪੋਰੇਟ ਪੱਖੀ ਨਵੀਂ ਪੈਨਸ਼ਨ ਪ੍ਰਣਾਲੀ ਰੱਦ ਕਰਕੇ ਪੁਰਾਣੀ ਪੈਨਸ਼ਨ ਪ੍ਰਣਾਲੀ ਬਹਾਲ ਕਰਵਾਉਣ ਅਤੇ ਮੁਲਾਜ਼ਮਾਂ ਦੇ ਕੱਟੇ ਹੋਏ 37 ਕਿਸਮ ਦੇ ਭੱਤੇ ਸਮੇਤ ਪੇਂਡੂ ਇਲਾਕਾ ਭੱਤਾ, ਬਾਰਡਰ ਏਰੀਆ ਭੱਤਾ, ਏ.ਸੀ.ਪੀ. ਦਾ ਲਾਭ ਅਤੇ ਪੈਂਡਿੰਗ 16 ਮਹਿੰਗਾਈ ਭੱਤਾ ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ਾਂ ਨੂੰ ਜਰਬਾਂ ਦੇਣ ਫ਼ੈਸਲੇ ਕੀਤੇ ਗਏ ਅਨੁਸਾਰ 17 ਮਈ 2026 ਨੂੰ ਮੋਹਾਲੀ ਵਿਖੇ ਹਜ਼ਾਰਾਂ ਮੁਲਾਜ਼ਮਾਂ ਦੀ ਸ਼ਮੂਲੀਅਤ ਕਰਵਾਉਂਦੇ ਹੋਏ ਵਿਸ਼ਾਲ ਸੂਬਾਈ ਰੈਲੀ ਕੀਤੀ ਜਾਵੇਗੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ੍ਹ ਰਿਹਾਇਸ਼ ਵੱਲ ਮਾਰਚ ਕੀਤਾ ਜਾਵੇਗਾ | ਆਗੂਆਂ ਨੇ ਇਹ ਵੀ ਦੱਸਿਆ ਕਿ ਪੰਜਾਬ ਭਰ ਦੇ ਵੱਖ-ਵੱਖ ਵਿਭਾਗਾਂ ਤੇ ਅਦਾਰਿਆਂ ਦੇ ਦਫਤਰਾਂ-ਸਕੂਲਾਂ ਤੱਕ ਵਿਆਪਕ ਮੁਹਿੰਮ ਬਣਾ ਕੇ 17 ਮਈ ਦੀ ਸੂਬਾਈ ਰੈਲੀ ਅਤੇ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵੱਲੋਂ ਮਾਰਚ ਲਈ ਵੱਡੀ ਲਾਮਬੰਦੀ ਮੁਹਿੰਮ ਜਾਰੀ ਹੈ | ਇਸ ਮੌਕੇ ਮੈਡਮ ਪੂਨਮ ਮੰਗਲ, ਜੀਵਨ ਜੋਤੀ, ਵਰਿੰਦਰ ਕੌਰ, ਰੀਟਾ ਰਾਣੀ, ਜਤਿੰਦਰ ਸਿੰਘ ਚੱਕ ਅੱਲਾ ਬਖ਼ਸ਼, ਸੋਹਣ ਸਿੰਘ ਪੁਆਰ, ਅਨਿਲ ਕੁਮਾਰ, ਬਰੇਸ਼ ਜਸਰੋਟੀਆ, ਜਸਵਿੰਦਰ ਝਿੰਗੜ ਆਦਿ ਵੀ ਹਾਜ਼ਰ ਸਨ |