ਹੁਸ਼ਿਆਰਪੁਰ, 16 ਮਈ (ਬਲਜਿੰਦਰਪਾਲ ਸਿੰਘ)-ਪ੍ਰਾਪਰਟੀ 'ਚ ਨਿਵੇਸ਼ ਕਰਕੇ ਵੱਧ ਮੁਨਾਫ਼ੇ ਦਾ ਝਾਂਸਾ ਦੇ ਕੇ ਕਥਿਤ ਤੌਰ 'ਤੇ ਦੋ ਕਰੋੜ 39 ਲੱਖ 61 ਹਜ਼ਾਰ 840 ਰੁਪਏ ਦੀ ਠੱਗੀ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕਰਕੇ ਦੋ ਭਰਾਵਾਂ ਨੂੰ ਨਾਮਜ਼ਦ ਕੀਤਾ ਹੈ | ਜਾਣਕਾਰੀ ਅਨੁਸਾਰ ਨਿਤੀਸ਼ ਗੁਪਤਾ ਪੁੱਤਰ ਹਰੀ ਵਾਸੀ ਸੈਂਟਰਲ ਟਾਊਨ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਇਕ ਸ਼ਿਕਾਇਤ ਦਿੱਤੀ ਸੀ | ਉਸ ਨੇ ਦੱਸਿਆ ਸੀ ਕਿ ਲੁਧਿਆਣਾ ਦੇ ਵਾਸੀ ਅਮਿੱਤ ਸੈਮਸਨ ਡਿਸੂਜਾ ਤੇ ਉਸ ਦੇ ਭਰਾ ਸਮਰ ਡਿਸੂਜਾ ਨੇ ਉਸ ਨੰੂ ਕਥਿਤ ਤੌਰ 'ਤੇ ਲੁਧਿਆਣਾ ਤੇ ਵਿਦੇਸ਼ 'ਚ ਪ੍ਰਾਪਰਟੀ 'ਚ ਨਿਵੇਸ਼ ਕਰਕੇ ਵੱਧ ਮੁਨਾਫ਼ਾ ਹੋਣ ਦਾ ਝਾਂਸਾ ਦੇ ਕੇ ਉਸ ਦੇ ਨਾਲ 2 ਕਰੋੜ 39 ਲੱਖ 61 ਹਜ਼ਾਰ 840 ਰੁਪਏ ਦੀ ਠੱਗੀ ਕੀਤੀ ਹੈ | ਜ਼ਿਲ੍ਹਾ ਪੁਲਿਸ ਮੁਖੀ ਨੇ ਉਕਤ ਸ਼ਿਕਾਇਤ ਦੀ ਜਾਂਚ ਲਈ ਸੀ. ਆਈ. ਇੰਚਾਰਜ ਨੂੰ ਹੁਕਮ ਦਿੱਤੇ ਸਨ | ਪੁਲਿਸ ਨੇ ਜਾਂਚ ਰਿਪੋਰਟ ਆਉਣ ਦੇ ਬਾਅਦ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |