ਹੁਸ਼ਿਆਰਪੁਰ, 16 ਮਈ (ਬਲਜਿੰਦਰਪਾਲ ਸਿੰਘ)-ਵਾਸਲ ਐਜੂਕੇਸ਼ਨ ਵਲੋਂ ਚਲਾਏ ਜਾ ਰਹੇ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਵਿਖੇ ਸੈਸ਼ਨ 2025-26 ਲਈ ਅਕਾਦਮਿਕ ਉੱਤਮਤਾ ਪੁਰਸਕਾਰ ਸਮਾਗਮ ਕਰਵਾਇਆ | ਸਮਾਗਮ 'ਚ ਇਹ ਪੁਰਸਕਾਰ ਵਿਦਿਆਰਥੀਆਂ ਨੂੰ ਪਿਛਲੇ ਸੈਸ਼ਨ 'ਚ ਗ੍ਰੇਡ-1 ਤੋਂ ਗ੍ਰੇਡ-11 ਤੱਕ ਦੇ ਅਕਾਦਮਿਕ ਖੇਤਰ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤੇ ਗਏ | ਵਾਸਲ ਐਜੂਕੇਸ਼ਨ ਦੇ ਬੈਂਡਿੰਗ ਤੇ ਕਰੀਅਰ ਕਾਉਂਸਲਿੰਗ ਦੇ ਡਿਪਟੀ ਡਾਇਰੈਕਟਰ ਸ਼ਿਪਰਾ ਸ਼ਰਮਾ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਸਮਾਗਮ 'ਚ 257 ਹੋਣਹਾਰ ਵਿਦਿਆਰਥੀਆਂ ਨੂੰ 90 ਫ਼ੀਸਦੀ ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਲਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ | ਸੈਸ਼ਨ 2025-26 ਦੇ ਦਸਵੀਂ ਜਮਾਤ ਦੇ 39 ਵਿਦਿਆਰਥੀਆਂ ਨੂੰ 90 ਫ਼ੀਸਦੀ ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਦਸਵੀਂ ਜਮਾਤ ਦੇ ਛੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਅਣਥੱਕ ਮਿਹਨਤ ਲਈ ਪ੍ਰੋਗਰੈਸਿਵ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ | ਨੌਵੀਂ ਜਮਾਤ ਦੀ ਅਸਮੀ ਵਰਮਾ ਨੇ ਸੋਹਨ ਲਾਲ ਦਿਵੇਦੀ ਵਲੋਂ ਲਿਖੀ ਕਵਿਤਾ 'ਕੋਸ਼ਿਸ਼ ਕਰਨ ਵਾਲੋਂ ਕੀ ਹਾਰ ਨਹੀਂ ਹੋਤੀ' ਸੁਣਾਈ | ਸਕੂਲ ਬੈਂਡ ਨੇ ਪ੍ਰੇਰਨਾਦਾਇਕ ਗੀਤ 'ਆਸ਼ਾਏਾ' ਗਾ ਕੇ ਇਕ ਸੁੰਦਰ ਸੰਗੀਤਕ ਪੇਸ਼ਕਾਰੀ ਪੇਸ਼ ਕੀਤੀ | ਆਡੀਟੋਰੀਅਮ 'ਚ ਮੌਜੂਦ ਮਾਪਿਆਂ ਨੇ ਬੱਚਿਆਂ ਦੀ ਸਫਲਤਾ ਦਾ ਸਿਹਰਾ ਸਕੂਲ ਟੀਮ ਨੂੰ ਦਿੱਤਾ | ਸਕੂਲ ਪਿ੍ੰਸੀਪਲ ਸੰਗੀਤਾ ਨਿਸਤਾਂਦਰਾ ਨੇ ਹੋਣਹਾਰ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਇਹ ਪੁਰਸਕਾਰ ਉਨ੍ਹਾਂ ਦੇ ਸ਼ਾਨਦਾਰ ਅਕਾਦਮਿਕ ਕਾਰਨ ਮਿਲੇ ਹਨ | ਇਸ ਮੌਕੇ ਸੀਨੀਅਰ ਕੋਆਰਡੀਨੇਟਰ ਹਰਮਿੰਦਰ ਸਿੰਘ ਨੇ ਵਾਸਲ ਐਜੂਕੇਸ਼ਨ ਦੇ ਚੇਅਰਮੈਨ ਸੰਜੀਵ ਵਾਸਲ ਤੇ ਸੀ. ਈ. ਓ. ਰਾਘਵ ਵਾਸਲ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਹਾਲਹੀ 'ਚ ਵਾਸਲ ਐਜੂਕੇਸ਼ਨ ਨੇ ਤਕਨਾਲੋਜੀ 'ਚ ਬਹੁਤ ਸਾਰੇ ਬਦਲਾਅ ਕੀਤੇ ਹਨ ਜਿਵੇਂ ਸਾਰੀਆਂ ਕਲਾਸਾਂ ਲਈ ਨਵੀਨਤਮ ਸੈਮਸੰਗ ਸਕਰੀਨ ਪੈਨਲ, ਜੂਨੀਅਰ ਕਲਾਸਾਂ ਲਈ ਸਰਗਰਮ ਫਲੋਰ ਤੇ 5ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਲਈ ਇਕ ਵਿਸ਼ਵ ਪੱਧਰੀ ਜੂਨੀਅਰ ਲਾਇਬ੍ਰੇਰੀ ਤਿਆਰ ਕੀਤੀ ਜਾ ਰਹੀ ਹੈ | ਇਸ ਮੌਕੇ ਵਾਸਲ ਐਜੂਕੇਸ਼ਨ ਦੇ ਚੇਅਰਮੈਨ ਸੰਜੀਵ ਵਾਸਲ ਤੇ ਸੀ. ਈ. ਓ. ਰਾਘਵ ਵਾਸਲ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ |