ਹੁਸ਼ਿਆਰਪੁਰ, 24 ਮਈ (ਨਰਿੰਦਰ ਸਿੰਘ ਬੱਡਲਾ)-ਗੁਰਦੁਆਰਾ ਜਨਮ ਅਸਥਾਨ ਸੰਤ ਬਾਬਾ ਨਿਧਾਨ ਸਿੰਘ ਪਿੰਡ ਨਡਾਲੋਂ ਵਿਖੇ ਸੰਤ ਬਾਬਾ ਨਰਿੰਦਰ ਸਿੰਘ, ਸੰਤ ਬਾਬਾ ਬਲਵਿੰਦਰ ਸਿੰਘ ਗੁਰਦੁਆਰਾ ਲੰਗਰ ਸਾਹਿਬ ਹਜ਼ੂਰ ਸਾਹਿਬ ਵਾਲਿਆਂ ਦੀ ਅਗਵਾਈ ਤੇ ਬਾਬਾ ਗੁਰਮੀਤ ਸਿੰਘ ਦੀ ਦੇਖ-ਰੇਖ ਹੇਠ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ, ਜੂਨ 84 ਘੱਲੂਘਾਰਾ ਤੇ ਕੌਮ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ 3 ਰੋਜ਼ਾ ਸ਼ਹੀਦੀ ਸਮਾਗਮ 31 ਮਈ ਤੋਂ 2 ਜੂਨ ਤੱਕ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਬਾਬਾ ਗੁਰਮੀਤ ਸਿੰਘ ਨੇ ਦੱਸਿਆ ਕਿ ਸਮਾਗਮ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਤੇ ਸਮਾਗਮ ਸੰਬੰਧੀ ਸੇਵਾਦਾਰਾਂ ਦੀਆਂ ਡਿਊਟੀਆਂ ਲੱਗਾ ਦਿੱਤੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ 31 ਮਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਤੇ 2 ਜੂਨ ਨੂੰ ਭੋਗ ਪਾਏ ਜਾਣਗੇ | ਉਪਰੰਤ ਪੰਥ ਦੇ ਮਹਾਨ ਰਾਗੀ, ਢਾਡੀ, ਕਵੀਸ਼ਰ ਤੇ ਸੰਤ ਮਹਾਂਪੁਰਸ਼ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਨਾਲ ਨਿਹਾਲ ਕਰਨਗੇ | ਉਨ੍ਹਾਂ ਦੱਸਿਆ ਕਿ 31 ਮਈ ਤੇ 1 ਜੂਨ ਨੂੰ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਕੀਰਤਨ ਸਮਾਗਮ ਵੀ ਕਰਵਾਏ ਜਾਣਗੇ |