ਹੁਸ਼ਿਆਰਪੁਰ, 24 ਮਈ (ਬਲਜਿੰਦਰਪਾਲ ਸਿੰਘ)-ਸਿਹਤ ਵਿਭਾਗ ਤੇ ਸਿਵਲ ਸਰਜਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਪੀ. ਐਚ. ਸੀ. ਚੱਕੋਵਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਪ੍ਰੀਤ ਕੌਰ ਦੀ ਅਗਵਾਈ 'ਚ ਕੌਮੀ ਡੇਂਗੂ ਦਿਵਸ ਮਨਾਇਆ | ਇਸ ਮੌਕੇ ਐਸ. ਐਮ. ਓ. ਡਾ. ਮਨਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਸਿਹਤ ਕਰਮਚਾਰੀਆਂ ਵਲੋਂ ਫ਼ੀਲਡ 'ਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ | ਇਸੇ ਤਹਿਤ ਸਰਕਾਰੀ ਸਕੂਲ ਸਤੌਰ 'ਚ ਸਿਹਤ ਵਿਭਾਗ ਦੀ ਟੀਮ, ਜਿਸ 'ਚ ਮ. ਪ. ਹ. ਵ. ਮੇਲ ਜਸਪ੍ਰੀਤ ਸਿੰਘ ਤੇ ਮ. ਪ. ਹ. ਵ. ਫੀਮੇਲ ਮਨਿੰਦਰ ਕੌਰ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਡੇਂਗੂ ਬਾਰੇ ਜਾਗਰੂਕ ਕੀਤਾ ਕਿ ਸਾਨੂੰ ਆਪੋ-ਆਪਣੇ ਘਰਾਂ 'ਚ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਪਾਣੀ ਖੜ੍ਹਾ ਨਾ ਹੋਵੇ | ਕੂਲਰਾਂ, ਪੰਛੀਆਂ ਲਈ ਰੱਖੇ ਭਾਂਡਿਆਂ, ਟੁੱਟੇ ਬਰਤਨ, ਟਾਇਰਾਂ, ਫਰਿਜਾਂ ਦੀਆਂ ਪਿਛਲੀਆਂ ਟਰੇਆਂ, ਗਮਲਿਆਂ ਆਦਿ 'ਚ ਪਾਣੀ ਹਰ ਹਫ਼ਤੇ ਚੈੱਕ ਕਰਕੇ ਖਾਲੀ ਕਰੋ | ਇਕ ਹਫ਼ਤੇ ਵਿਚ ਪਾਣੀ ਜ਼ਰੂਰ ਖਾਲੀ ਕਰੋ ਤਾਂ ਕਿ ਮੱਛਰਾਂ ਦੇ ਅੰਡਿਆਂ ਦੇ ਸਰਕਲ ਨੂੰ ਤੋੜਿਆ ਜਾ ਸਕੇ | ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿਚ ਡੇਂਗੂ ਦੇ ਟੈੱਸਟ ਤੇ ਇਲਾਜ ਬਿਲਕੁਲ ਮੁਫ਼ਤ ਹੁੰਦਾ ਹੈ | ਇਸ ਮੌਕੇ ਸਕੂਲ ਅਧਿਆਪਕ ਮੋਨਿਕਾ ਅਤੇ ਮਨਜੀਤ ਕੌਰ ਵੀ ਹਾਜ਼ਰ ਸਨ |