ਮਾਹਿਲਪੁਰ, 25 ਮਈ (ਰਜਿੰਦਰ ਸਿੰਘ)-ਪਿੰਡ ਪਾਲਦੀ ਦੇ ਅੱਡੇ 'ਤੇ ਪ੍ਰਵਾਸੀ ਮਜ਼ਦੂਰ ਵਲੋਂ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ | ਜਾਣਕਾਰੀ ਅਨੁਸਾਰ ਪਿੰਡ ਪਾਲਦੀ ਦੇ ਸਰਪੰਚ ਜਸਪਾਲ ਸਿੰਘ, ਸਮਾਜ ਸੇਵੀ ਬਿੱਲਾ ਖੜੋਦੀ ਨੇ ਦੱਸਿਆ ਕਿ ਉਕੀਲ ਉਰਫ਼ ਰਾਹੁਲ (28) ਪੁੱਤਰ ਸ਼ੰਕਰ ਯਾਦਵ ਵਾਸੀ ਬਿਹਾਰ, ਜੋ ਪਾਲਦੀ ਅੱਡੇ 'ਤੇ ਚੱਲਦੀ ਪੰਮੀ ਸਵੀਟ ਸ਼ਾਪ 'ਤੇ ਕਰਿੰਦੇ ਵਜੋਂ ਕੰਮ ਕਰਦਾ ਸੀ ਤੇ ਨਾਲ ਲੱਗਦੀ ਬੰਗਾ ਟੈਂਟ ਹਾਊਸ ਦੀ ਦੁਕਾਨ 'ਤੇ ਬਣੇ ਚੁਬਾਰੇ ਸੌਂਦਾ ਸੀ | ਪੰਮੀ ਸਵੀਟ ਸ਼ਾਪ ਮਾਲਕ ਪਰਮਜੀਤ ਸਿੰਘ ਪੰਮੀ ਨੇ ਦੱਸਿਆ ਕਿ ਉਹ ਪਿਛਲੇ 6-7 ਸਾਲ ਤੋਂ ਇਥੇ ਕੰਮ ਕਰਦਾ ਸੀ ਤੇ ਅਜੇ 10 ਕੁ ਦਿਨ ਪਹਿਲਾ ਆਪਣੇ ਸੂਬੇ ਬਿਹਾਰ ਤੋਂ ਵਾਪਸ ਆਇਆ ਸੀ | ਉਸ ਨੇ ਦੱਸਿਆ ਕਿ ਜਦੋਂ ਸਵੇਰੇ 6:30 ਵਜੇ ਉਸ ਦੇ ਪੁੱਤਰ ਮੰਗਾ ਨੇ ਦੁਕਾਨ ਖੋਲ੍ਹ ਕੇ ਉਸ ਨੂੰ ਉਠਾਉਣ ਲਈ ਆਵਾਜ਼ ਦਿੱਤੀ ਤਾਂ ਉਹ ਨਹੀਂ ਉੱਠਿਆ ਤੇ ਸ਼ੱਕ ਪੈਣ 'ਤੇ ਜਦੋਂ ਚੁਬਾਰੇ 'ਤੇ ਜਾ ਕੇ ਵੇਖਿਆ ਤਾਂ ਉਸ ਨੇ ਪੱਖੇ ਨਾਲ ਫਾਹਾ ਲਗਾਇਆ ਹੋਇਆ ਸੀ | ਸੂਚਨਾ ਮਿਲਣ 'ਤੇ ਥਾਣਾ ਮੁਖੀ ਰਮਨਦੀਪ ਕੌਰ ਨੇ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਭੇਜ ਦਿੱਤੀ |