ਹੁਸ਼ਿਆਰਪੁਰ, 27 ਮਈ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ ਨਗਰ ਨਿਗਮ ਚੋਣਾਂ ਦਾ ਬਿਗੁਲ ਵੱਜਣ ਤੋਂ ਪਹਿਲਾਂ ਹੀ ਸ਼ਹਿਰ ਦੇ ਵਾਰਡਾਂ 'ਚ ਵੱਖ-ਵੱਖ ਰਾਜਸੀ ਪਾਰਟੀਆਂ ਦੀ ਸਿਆਸਤ ਪੂਰੀ ਤਰ੍ਹਾਂ ਨਾਲ ਭਖ ਚੁੱਕੀ ਹੈ | ਇਸਦਾ ਤਾਜ਼ਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਵਾਰਡ ਨੰਬਰ 23 ਤੋਂ ਇਕ ਅਣਜਾਣ ਵਿਅਕਤੀ ਵਲੋਂ ਚੋਣ ਕਮਿਸ਼ਨ ਨੂੰ ਦਿੱਤੀ ਗਈ ਅਰਜ਼ੀ ਨੇ ਪੂਰੇ ਇਲਾਕੇ ਵਿਚ ਸਿਆਸੀ ਭੂਚਾਲ ਲਿਆ ਕੇ ਰੱਖ ਦਿੱਤਾ ਹੈ | ਇਸ ਅਰਜ਼ੀ 'ਚ ਵਾਰਡ ਨੰਬਰ 23 ਦੀਆਂ ਵੋਟਾਂ ਨੂੰ ਕੱਟ ਕੇ ਵਾਰਡ ਨੰਬਰ 19, 21 ਅਤੇ 25 ਵਿਚ ਆਪਸ ਵਿਚ ਸ਼ਾਮਲ ਕਰਨ ਦੀ ਮੰਗ ਕੀਤੀ ਗਈ ਹੈ | ਇਸ ਅਰਜ਼ੀ ਦੇ ਮੱਦੇਨਜ਼ਰ ਹੁਸ਼ਿਆਰਪੁਰ ਵਿਖੇ ਕੀਤੀ ਪੈੱ੍ਰਸ ਕਾਨਫ਼ਰੰਸ ਨੰੂ ਸੰਬੋਧਨ ਕਰਦਿਆਂ ਸਾਬਕਾ ਕੌਂਸਲਰ ਐਡਵੋਕੇਟ ਪਵਿੱਤਰ ਸਿੰਘ ਨੇ ਕਿਹਾ ਕਿ ਚੋਣਾਂ ਦੇ ਨਜ਼ਦੀਕ ਆਉਂਦਿਆਂ ਹੀ ਵੋਟਾਂ ਦੀ ਕੱਟ-ਵੱਢ ਦਾ ਕੰਮ ਸ਼ੁਰੂ ਹੋ ਚੁੱਕਾ ਹੈ | ਉਨ੍ਹਾਂ ਕਿਹਾ ਕਿ ਕਿਸੇ ਅਣਜਾਣ ਵਿਅਕਤੀ ਨੇ ਜਿਸਦਾ ਵਾਰਡ ਨਾਲ ਕੋਈ ਸੰਬੰਧ ਨਹੀਂ ਹੈ, ਇੱਕ ਚਿੱਠੀ ਲਿਖ ਕੇ ਵਾਰਡ ਦੀਆਂ ਵੋਟਾਂ ਨੂੰ ਖ਼ੁਰਦ-ਬੁਰਦ ਕਰਨ ਦੀ ਸਾਜ਼ਿਸ਼ ਰਚੀ ਹੈ | ਉਨ੍ਹਾਂ ਸਵਾਲ ਚੁੱਕਿਆ ਕਿ ਆਖ਼ਰ ਇੱਕ ਅਣਜਾਣ ਬੰਦੇ ਦੇ ਕਹਿਣ 'ਤੇ ਚੋਣ ਵਿਭਾਗ ਅਤੇ ਪ੍ਰਸ਼ਾਸਨ ਇੰਨਾ ਵੱਡਾ ਕਦਮ ਕਿਵੇਂ ਚੁੱਕ ਸਕਦਾ ਹੈ | ਉਨ੍ਹਾਂ ਕਿਹਾ ਕਿ ਵੋਟਾਂ ਨੂੰ ਲੈ ਕੇ ਜੋ ਕੁੱਝ ਵੀ ਵਾਰਡ ਨੰਬਰ 23 'ਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਸਰਾਸਰ ਗ਼ਲਤ ਹੈ ਅਤੇ ਲੋਕਤੰਤਰ ਦਾ ਕਤਲ ਹੈ | ਉਨ੍ਹਾਂ ਕਿਹਾ ਕਿ ਇਹ ਸਿੱਧੇ ਤੌਰ 'ਤੇ ਸਿਆਸੀ ਸ਼ਹਿ 'ਤੇ ਹੋ ਰਹੀ ਧੱਕੇਸ਼ਾਹੀ ਹੈ | ਉਨ੍ਹਾਂ ਕਿਹਾ ਕਿ ਉਹ ਵਾਰਡ ਦੇ ਲੋਕਾਂ ਦੇ ਹੱਕਾਂ 'ਤੇ ਡਾਕਾ ਨਹੀਂ ਮਾਰਨ ਦੇਣਗੇ ਅਤੇ ਜੇਕਰ ਉਕਤ ਅਰਜ਼ੀ ਨੂੰ ਆਧਾਰ ਬਣਾ ਕੇ ਵੋਟਾਂ ਦੀ ਕੱਟ ਵੱਡ ਕੀਤੀ ਗਈ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ ਅਤੇ ਲੋੜ ਪਈ ਤਾਂ ਕਾਨੂੰਨ ਦਾ ਦਰਵਾਜ਼ਾ ਵੀ ਖੜਕਾਇਆ ਜਾਵੇਗਾ |