ਹੁਸ਼ਿਆਰਪੁਰ, 31 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਸ਼ਿਆਰਪੁਰ ਮੰਡੀ (ਰੇਲਵੇ ਮੰਡੀ) ਸਥਿਤ ਲੈਵਲ ਕਰਾਸਿੰਗ ਬੀ-50 ਰੇਲਵੇ ਫਾਟਕ 'ਤੇ ਚੱਲ ਰਹੇ ਮੁਰੰਮਤ ਕੰਮ ਨੂੰ ਮੀਂਹ ਦੇ ਚੱਲਦਿਆਂ ਨਿਰਧਾਰਤ ਸਮੇਂ 'ਤੇ ਪੂਰਾ ਨਹੀਂ ਕੀਤਾ ਜਾ ਸਕਿਆ | ਇਸ ਲਈ ਮੌਸਮ ਦੀ ਵਜ੍ਹਾ ਨਾਲ ਕੁਝ ਤਕਨੀਕੀ ਤੇ ਮੁਰੰਮਤ ਸੰਬੰਧੀ ਕੰਮ ਬਾਕੀ ਹਨ, ਜਿਸ ਨੂੰ ਸੁਰੱਖਿਆ ਅਤੇ ਸੁਚਾਰੂ ਢੰਗ ਨਾਲ ਪੂਰਾ ਕਰਨ ਲਈ ਵੱਧ ਸਮੇਂ ਦੀ ਜ਼ਰੂਰਤ ਹੈ | ਉਨ੍ਹਾਂ ਦੱਸਿਆ ਕਿ ਐਸ. ਐਸ. ਈ./ਵਰਕਸ/ਜਲੰਧਰ ਕੈਂਟ ਉੱਤਰੀ ਰੇਲਵੇ ਦੇ ਸੰਬੰਧਤ ਅਧਿਕਾਰੀਆਂ ਅਨੁਸਾਰ ਫਾਟਕ 'ਤੇ ਜ਼ਰੂਰੀ ਮੁਰੰਮਤ ਕੰਮ ਜਾਰੀ ਹਨ ਅਤੇ ਯਾਤਰੀਆਂ ਅਤੇ ਆਮ ਜਨਤਾ ਦੀ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਕੇਵਲ ਕਰਾਸਿੰਗ ਬੀ-50 ਨੂੰ ਹੁਣ 2 ਜੂਨ 2026 ਤੱਕ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ | ਮੁਰੰਮਤ ਕੰਮ ਪੂਰਾ ਹੋਣ ਉਪਰੰਤ ਹੀ ਫਾਟਕ ਨੂੰ ਆਵਾਜਾਈ ਲਈ ਖੋਲਿ੍ਹਆ ਜਾਵੇਗਾ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰੇਲਵੇ ਵਿਭਾਗ ਵਲੋਂ ਕੰਮ ਨੂੰ ਜਲਦ ਪੂਰਾ ਕਰਨ ਲਈ ਜ਼ਰੂਰੀ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਆਮ ਲੋਕਾਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਘੱਟ ਕੀਤਾ ਜਾ ਸਕੇ | ਉਨ੍ਹਾਂ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਿਆਦ ਦੌਰਾਨ ਬਲਦਵੇਂ ਰਸਤੇ ਦੀ ਵਰਤੋਂ ਕਰਨ ਤੇ ਪ੍ਰਸ਼ਾਸਨ ਅਤੇ ਰੇਲਵੇ ਵਿਭਾਗ ਦਾ ਸਹਿਯੋਗ ਕਰਨ | ਆਸ਼ਿਕਾ ਜੈਨ ਨੇ ਕਿਹਾ ਕਿ ਬਾਰਿਸ਼ ਕਾਰਨ ਪੈਦਾ ਹੋਈ ਇਸ ਤਕਨੀਕੀ ਸਥਿਤੀ ਨਾਲ ਲੋਕਾਂ ਨੂੰ ਹੋਣ ਵਾਲੀ ਅਸੁਵਿਧਾ ਲਈ ਰੇਲਵੇ ਵਿਭਾਗ ਨੇ ਖੇਦ ਪ੍ਰਗਟ ਕੀਤਾ ਹੈ | ਉਨ੍ਹਾਂ ਭਰੋਸਾ ਦਿਵਾਇਆ ਕਿ ਮੁਰੰਮਤ ਕੰਮ ਪੂਰਾ ਹੁੰਦੇ ਹੀ ਫਾਟਕ ਨੂੰ ਸੁਰੱਖਿਅਤ ਰੂਪ ਵਿਚ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇਗਾ | ਆਸ਼ਿਕਾ ਜੈਨ ਨੇ ਆਮ ਜਨਤਾ ਨੂੰ ਸਬਰ ਬਣਾਏ ਰੱਖਣ ਤੇ ਸੁਰੱਖਿਆ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ |