07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਮੁਕੇਰੀਆਂ ਸ਼ਹਿਰ ਅੰਦਰ ਨਾਜਾਇਜ਼ ਬਣੇ ਬੱਸ ਅੱਡਿਆਂ ਤੋਂ ਲੋਕ ਪ੍ਰੇਸ਼ਾਨ ਨੈਸ਼ਨਲ ਹਾਈਵੇ 'ਤੇ ਖੜ੍ਹੀਆਂ ਹੁੰਦੀਆਂ ਬੱਸਾਂ ਕਰਕੇ ਨਿੱਤ ਵਾਪਰਦੇ ਹਨ ਹਾਦਸੇ

Ad Position 21
No active advertisement
ਅਜੀਤ ਡੈਸਕ 13-06-2026
ਮੁਕੇਰੀਆਂ, 12 ਜੂਨ (ਰਾਮਗੜ੍ਹੀਆ)-ਮੁਕੇਰੀਆਂ ਸ਼ਹਿਰ 'ਚੋਂ ਗੁਜ਼ਰਦੇ ਨੈਸ਼ਨਲ ਹਾਈਵੇ 'ਤੇ ਓਵਰਬਿ੍ਜ ਤੇ ਬਾਈਪਾਸ ਨਾ ਬਣਨ ਕਰਕੇ ਮੁਕੇਰੀਆਂ ਸ਼ਹਿਰ ਤੇ ਖੇਤਰ ਨਿਵਾਸੀ ਪਹਿਲਾਂ ਹੀ ਟ੍ਰੈਫਿਕ ਦੀ ਗੰਭੀਰ ਸਮੱਸਿਆ ਨਾਲ ਜੂਝ ਰਹੇ ਹਨ, ਉੱਪਰੋਂ ਜਗ੍ਹਾ-ਜਗ੍ਹਾ 'ਤੇ ਬੱਸ ਅੱਡੇ ਬਣਾ ਕੇ ਸ਼ਹਿਰ ਵਾਸੀਆਂ ਦੇ ਜ਼ਖ਼ਮਾਂ 'ਤੇ ਨਮਕ ਛਿੜਕਿਆ ਜਾ ਰਿਹਾ ਹੈ | ਕਈ ਬੱਸ ਚਾਲਕ ਬੱਸ ਅੱਡਾ ਦੇ ਰਾਸ਼ਟਰੀ ਰਾਜ ਮਾਰਗ 'ਤੇ ਬੱਸਾਂ ਖੜ੍ਹੀਆਂ ਕਰਕੇ ਸਵਾਰੀਆਂ ਉਤਾਰਦੇ ਹਨ ਤੇ ਚਾੜ੍ਹਦੇ ਹਨ | ਇਸ ਕਾਰਨ ਬਹੁਤ ਸਾਰੀਆਂ ਦੁਰਘਟਨਾਵਾਂ ਹੁੰਦੀਆਂ ਹਨ ਤੇ ਕਈ ਲੋਕ ਜਾਨ ਤੋਂ ਵੀ ਹੱਥ ਧੋਅ ਬੈਠਦੇ ਹਨ | ਆਮ ਲੋਕਾਂ ਵਲੋਂ ਸਮਝਾਉਣ 'ਤੇ ਪ੍ਰਾਈਵੇਟ ਬੱਸਾਂ ਦੇ ਕੰਡਕਟਰ ਤੇ ਡਰਾਈਵਰ ਲੜਨਾ ਸ਼ੁਰੂ ਕਰ ਦਿੰਦੇ ਹਨ | ਇਨ੍ਹਾਂ ਘਟਨਾਵਾਂ ਦਾ ਪ੍ਰਸ਼ਾਸਨ 'ਤੇ ਕੋਈ ਅਸਰ ਨਹੀਂ ਹੁੰਦਾ | ਹਾਲਾਤ ਇਹ ਹਨ ਕਿ ਬੱਸ ਚਾਲਕ ਬੱਸ ਅੱਡੇ ਦੇ ਅੰਦਰ ਜਾਣ ਦੀ ਬਜਾਏ ਬੱਸ ਅੱਡੇ ਦੇ ਬਾਹਰੋਂ ਹੀ ਸਵਾਰੀਆਂ ਉਤਾਰ ਤੇ ਚੜ੍ਹਾ ਕੇ ਰਵਾਨਾ ਹੋ ਜਾਂਦੇ ਹਨ ਜਿਸ ਕਰਕੇ ਬੱਸ ਅੱਡੇ ਵਿਚ ਬੱਸਾਂ ਦੀ ਉਡੀਕ ਕਰਨ ਵਾਲੇ ਮੁਸਾਫ਼ਰਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮੁਕੇਰੀਆਂ ਵਿਚ ਜਾਲੰਧਰ-ਜੰਮੂ ਰਾਸ਼ਟਰੀ ਰਾਜ ਮਾਰਗ 'ਤੇ ਮੁਕੇਰੀਆ-ਗੁਰਦਾਸਪੁਰ ਰੋਡ 'ਤੇ ਮਹਾਰਾਣਾ ਪ੍ਰਤਾਪ ਚੌਕ 'ਚ ਵੀ ਬੱਸ ਅੱਡਾ ਬਣ ਚੁੱਕਾ ਹੈ | ਇਸ ਬੱਸ ਅੱਡੇ ਦੇ ਸਾਹਮਣੇ ਹਸਪਤਾਲ ਮੌਜੂਦ ਹੈ ਤੇ ਸਾਰਾ ਦਿਨ ਇਲਾਕੇ ਵਿਚ ਕਾਫ਼ੀ ਭੀੜ ਲੱਗੀ ਰਹਿੰਦੀ ਹੈ | ਇਥੇ ਰੁਕਣ ਵਾਲੀਆਂ ਬੱਸਾਂ ਦੇ ਕਾਰਨ ਇਥੇ ਹਾਦਸੇ ਵਾਪਰਦੇ ਰਹਿੰਦੇ ਹਨ | ਇਸ ਤੋਂ ਇਲਾਵਾ ਮਾਤਾ ਰਾਣੀ ਚੌਕ 'ਚ ਵੀ ਬੱਸਾਂ ਵਿਚ ਸਵਾਰੀਆਂ ਚੜ੍ਹਾਈਆਂ ਤੇ ਉਤਾਰੀਆਂ ਜਾਂਦੀਆਂ ਹਨ | ਮੁਕੇਰੀਆਂ ਤੋਂ ਤਲਵਾੜਾ ਜਾਣ ਵਾਲੇ ਰੋਡ 'ਤੇ ਸਬਜ਼ੀ ਮੰਡੀ ਦੇ ਨੇੜੇ ਤਾਂ ਪੱਕੇ ਤੌਰ 'ਤ ਬੱਸ ਅੱਡਾ ਬਣ ਚੁੱਕਾ ਹੈ | ਇਸ ਰੋਡ ਤੋਂ ਰੇਤ ਬਜਰੀ ਆਦਿ ਦੇ ਭਰੇ ਟਰੱਕ ਤੇ ਹੋਰ ਗੱਡੀਆਂ ਵੀ ਗੁਜ਼ਰਦੀਆਂ ਹਨ | ਇਥੇ ਅਕਸਰ ਹੀ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ | ਮਾਤਾ ਰਾਣੀ ਚੌਕੀ ਤੋਂ ਸਬਜ਼ੀ ਮੰਡੀ ਤੱਕ ਜਾਣ ਲਈ 2 ਮਿੰਟ ਦੇ ਰਸਤੇ ਲਈ 15 ਮਿੰਟ ਲੱਗ ਜਾਂਦੇ ਹਨ | ਇਨ੍ਹਾਂ ਅੱਡਿਆਂ ਤੋਂ ਰੋਜ਼ਾਨਾ ਨੇਤਾ ਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਗੁਜਰਦੇ ਹਨ ਪਰ ਉਹ ਵੀ ਇਸ ਸਮੱਸਿਆ 'ਤੇ ਧਿਆਨ ਨਹੀਂ ਦਿੰਦੇ | ਇਸੇ ਰਸਤੇ 'ਤੇ ਸਬਜ਼ੀ ਮੰਡੀ ਦੇ ਇਲਾਵਾ ਨੇੜੇ 5 ਬੈਂਕ, 4 ਹਸਪਤਾਲ ਤੇ ਆਈ. ਟੀ. ਆਈ., ਤਹਿਸੀਲ ਕੰਪਲੈਕਸ, ਜੁਡੀਸ਼ੀਅਲ ਅਦਾਲਤ ਕੰਪਲੈਕਸ ਹੈ | ਹੈਰਾਨੀ ਦੀ ਗੱਲ ਇਹ ਹੈ ਕਿ ਮਹਾਰਾਣਾ ਪ੍ਰਤਾਪ ਚੌਕ ਤੇ ਮਾਤਾ ਰਾਣੀ ਚੌਕ ਆਦਿ 'ਤੇ ਟ੍ਰੈਫ਼ਿਕ ਪੁਲਿਸ ਦੇ ਕਰਮਚਾਰੀ ਡਿਊਟੀ ਦਿੰਦੇ ਹਨ ਅਤੇ ਉਸੇ ਸਥਾਨ 'ਤੇ ਨਿਯਮਾਂ ਦੀ ਧੱਜੀਆਂ ਉਡਾਈਆਂ ਜਾ ਰਹੀ ਹੈ | ਇਸ ਸੰਬੰਧੀ ਡੀ. ਐੱਸ. ਪੀ. ਨਛੱਤਰ ਸਿੰਘ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫ਼ੋਨ ਨਹੀਂ ਚੁੱਕਿਆ | ਇਸ ਸੰਬੰਧੀ ਜਦੋਂ ਐੱਸ. ਡੀ. ਐੱਮ. ਮੁਕੇਰੀਆਂ ਜੋਤਸਨਾ ਸਿੰਘ ਨੇ ਕਿਹਾ ਕਿ ਜੋ ਬੱਸ ਚਾਲਕ ਬੱਸਾਂ ਨੂੰ ਬਿਨਾਂ ਬੱਸ ਸਟਾਪ ਤੋਂ ਖੜ੍ਹੀਆਂ ਕਰਦੇ ਹਨ, ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਪ੍ਰੋਗਰਾਮ ਨੂੰ ਲੈ ਕੇ ਕਰਵਾਇਆ ਜ਼ਿਲ੍ਹਾ ਪੱਧਰੀ ਸਿਖਲਾਈ ਪ੍ਰੋਗਰਾਮ ਅਗਲੀ ਖ਼ਬਰ ਹੱਕ ਮੰਗਦੇ ਬੇਰੁਜ਼ਗਾਰਾਂ 'ਤੇ ਡਾਂਗਾਂ ਵਰ੍ਹਾਉਣ ਦੇ ਵਿਰੋਧ 'ਚ ਬਸਪਾ ਵਲੋਂ ਰੋਸ ਪ੍ਰਦਰਸ਼ਨ
Ad Position 24
No active advertisement