ਹੁਸ਼ਿਆਰਪੁਰ, 12 ਜੂਨ (ਬਲਜਿੰਦਰਪਾਲ ਸਿੰਘ)-ਭਾਰਤ ਚੋਣ ਕਮਿਸ਼ਨ ਤੇ ਪੰਜਾਬ ਦੇ ਮੁੱਖ ਚੋਣ ਅਫ਼ਸਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ. ਆਈ. ਆਰ) ਪ੍ਰੋਗਰਾਮ ਨੂੰ ਪ੍ਰਭਾਵੀ ਤੇ ਸੁਚਾਰੂ ਢੰਗ ਨਾਲ ਲਾਗੂ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹਾ ਪੱਧਰੀ ਸਿਖਲਾਈ ਪ੍ਰੋਗਰਾਮ ਕਰਵਾਇਆ | ਇਹ ਸਿਖਲਾਈ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਦੇ ਨਿਰਦੇਸ਼ਾਂ ਤਹਿਤ ਦਿੱਤੀ ਜਾ ਰਹੀ ਹੈ ਜਿਸ ਵਿਚ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਨੋਡਲ ਅਫ਼ਸਰ, ਸਹਾਇਕ ਨੋਡਲ ਅਫ਼ਸਰ, ਤਕਨੀਕੀ ਸਟਾਫ਼ ਤੇ ਹੋਰ ਸੰਬੰਧਿਤ ਕਰਮਚਾਰੀਆਂ ਨੂੰ ਵਿਸਥਾਰ ਨਾਲ ਸਿਖਲਾਈ ਦਿੱਤੀ ਗਈ | ਸਿਖਲਾਈ ਦੇ ਦੂਜੇ ਦਿਨ ਦੀ ਪ੍ਰਧਾਨਗੀ ਸਹਾਇਕ ਕਮਿਸ਼ਨਰ (ਜ) ਡਾ. ਸੁਮਿਤ ਮੁਧ ਅਤੇ ਵਧੀਕ ਸਹਾਇਕ ਕਮਿਸ਼ਨਰ (ਅੰਡਰ ਟ੍ਰੇਨਿੰਗ) ਗੁਰਪ੍ਰੀਤ ਕੌਰ ਨੇ ਕੀਤੀ | ਇਸ ਦੌਰਾਨ ਅਧਿਕਾਰੀਆਂ ਨੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਨਾਲ ਸੰਬੰਧਿਤ ਵੱਖ-ਵੱਖ ਪ੍ਰਕਿਰਿਆਵਾਂ, ਨਿਯਮਾਂ ਤੇ ਤਕਨੀਕੀ ਪਹਿਲੂਆਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵਲੋਂ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਗੰਭੀਰਤਾ ਅਤੇ ਪਾਰਦਰਸ਼ਤਾ ਨਾਲ ਪਾਲਨਾ ਯਕੀਨੀ ਬਣਾਇਆ ਜਾਵੇ ਤਾਂ ਜੋ ਵੋਟਰ ਸੂਚੀਆਂ ਨੂੰ ਵੱਧ ਤੋਂ ਵੱਧ ਪਾਰਦਰਸ਼ੀ ਬਣਾਇਆ ਜਾ ਸਕੇ | ਸਿਖਲਾਈ ਸੈਸ਼ਨ ਦੌਰਾਨ ਜ਼ਿਲ੍ਹਾ ਪੱਧਰੀ ਟੀਮਾਂ ਦੇ ਨੋਡਲ ਅਫ਼ਸਰਾਂ ਤੇ ਸਹਿਯੋਗੀ ਮੈਂਬਰਾਂ ਨੂੰ ਐੱਸ. ਆਈ. ਆਰ. ਗਤੀਵਿਧੀਆਂ ਦੇ ਵੱਖ-ਵੱਖ ਪੜਾਵਾਂ, ਆਨਲਾਈਨ ਪ੍ਰਕਿਰਿਆਵਾਂ ਤੇ ਫ਼ੀਲਡ ਪੱਧਰ 'ਤੇ ਕੀਤੇ ਜਾਣ ਵਾਲੇ ਕੰਮਾਂ ਦੇ ਸੰਬੰਧ ਵਿਚ ਜਾਣਕਾਰੀ ਦਿੱਤੀ ਗਈ | ਮਾਸਟਰ ਟਰੇਨਰ ਡਾ. ਬਿ੍ਜੇਸ਼ ਸ਼ਰਮਾ, ਕਿਰਨਜੀਤ ਸਿੰਘ, ਚਰਨ ਕੰਵਲ ਸਿੰਘ, ਅਮਿੱਤ ਸੈਣੀ ਤੇ ਹਰਪ੍ਰੀਤ ਸਿੰਘ ਨੇ ਵਿਧਾਨ ਸਭਾ ਪੱਧਰੀ ਮਾਸਟਰ ਟਰੇਨਰਾਂ ਨੂੰ ਵਿਸਥਾਰ ਨਾਲ ਸਿਖਲਾਈ ਪ੍ਰਦਾਨ ਕੀਤੀ | ਉਨ੍ਹਾਂ ਕਿਹਾ ਕਿ ਵੋਟਰ ਸੂਚੀਆਂ ਲੋਕਤੰਤਰਿਕ ਪ੍ਰਕਿਰਿਆ ਦਾ ਮਹੱਤਵਪੂਰਨ ਆਧਾਰ ਹਨ ਤੇ ਇਸ ਦੀ ਪਾਰਦਰਸ਼ਤਾ ਯਕੀਨੀ ਕਰਨਾ ਸਾਰੇ ਸੰਬੰਧਿਤ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸਮੂਹਿਕ ਜ਼ਿੰਮੇਵਾਰੀ ਹੈ | ਚੋਣ ਕਾਨੂੰਗੋ ਦੀਪਕ ਰਾਜ ਨੇ ਭਾਗੀਦਾਰਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਅਤੇ ਆਗਾਮੀ ਕਾਰਜ ਯੋਜਨਾ ਦੇ ਸੰਬੰਧ 'ਚ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ | ਇਸ ਮੌਕੇ ਡਿਪਟੀ ਸੀ. ਈ. ਓ. ਜ਼ਿਲ੍ਹਾ ਪ੍ਰੀਸ਼ਦ ਧਾਰਾ ਕੱਕੜ, ਡੀ. ਆਰ. ਓ. ਅਮਨਦੀਪ ਚਾਵਲਾ ਸਮੇਤ ਵੱਖ-ਵੱਖ ਟੀਮਾਂ ਦੇ ਮੈਂਬਰ ਮੌਜੂਦ ਸਨ |