ਗੜ੍ਹਦੀਵਾਲਾ, 20 ਜੂਨ (ਚੱਗਰ)-ਬਾਬਾ ਦੀਪ ਸਿੰਘ ਜੀ ਚੈਰੀਟੇਬਲ ਹਸਪਤਾਲ ਪਿੰਡ ਬਾਹਗਾ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ, ਜਿਸ ਦੌਰਾਨ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਵਲੋਂ ਮਰੀਜ਼ਾਂ ਦਾ ਚੈੱਕਅਪ ਕੀਤਾ। ਇਸ ਮੌਕੇ ਬਾਬਾ ਦੀਪ ਸਿੰਘ ਸੇਵਾ ਦਲ ਸੁਸਾਇਟੀ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ਕੈਂਪ ‘ਚ ਮੈਡੀਕਲ ਅਫ਼ਸਰ ਡਾ. ਬਿਕਰਮਜੀਤ ਸਿੰਘ , ਦੰਦਾ ਦੇ ਮਾਹਿਰ ਡਾ. ਨਵਦੀਪ ਸਿੰਘ, ਬੱਚਿਆਂ ਦੇ ਮਾਹਿਰ ਡਾ. ਰਾਹੁਲ ਭਾਰਤੀ, ਨੱਕ, ਗੱਲ ਤੇ ਕੰਨਾਂ ਦੇ ਮਾਹਿਰ ਡਾ. ਪ੍ਰਭਜੋਤ ਕੌਰ, ਅੱਖਾਂ ਦੇ ਮਾਹਿਰ ਡਾ. ਰੌਸ਼ਨ ਲਾਲ ਤੇ ਸੰਜੀਵ ਸ਼ਰਮਾ ਵਲੋਂ ਤਕਰੀਬਨ 150 ਮਰੀਜ਼ਾਂ ਦਾ ਚੈੱਕਅਪ ਕੀਤਾ, ਜਿਨ੍ਹਾਂ ਨੂੰ ਲੋੜ ਅਨੁਸਾਰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਤੇ ਮਰੀਜ਼ਾਂ ਦੇ ਮੁਫ਼ਤ ਬਲੱਡ ਟੈੱਸਟ ਕੀਤੇ ਗਏ। ਉਨ੍ਹਾਂ ਦੱਸਿਆ ਕਿ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਹਸਪਤਾਲ ਬਾਹਗਾ ਵਿਖੇ ਡਾ. ਬਿਕਰਮਜੀਤ ਸਿੰਘ ਹਰ ਰੋਜ਼ ਸਵੇਰੇ 10 ਵਜੇ ਤੋਂ 2 ਵਜੇ ਮਰੀਜ਼ਾਂ ਦਾ ਚੈੱਕਅਪ ਕਰਦੇ ਸਨ ਜਦਕਿ ਡਾ. ਪ੍ਰਭਜੋਤ ਹਰ ਰੋਜ਼ ਸ਼ਾਮ 4 ਵਜੇ ਤੋਂ 8 ਵਜੇ ਤੱਕ ਮਰੀਜ਼ਾਂ ਦਾ ਚੈੱਕਅਪ ਕਰਦੇ ਹਨ। ਉਨ੍ਹਾਂ ਦੱਸਿਆ ਕਿ ਚੈੱਕਅਪ ਉਪਰੰਤ ਮਰੀਜ਼ਾਂ ਦੇ ਟੈੱਸਟ ਤੇ ਦਵਾਈਆਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਇਸ ਮੌਕੇ ਕੈਸ਼ੀਅਰ ਪ੍ਰਸ਼ੋਤਮ ਸਿੰਘ ਬਾਹਗਾ, ਮਨਿੰਦਰ ਸਿੰਘ, ਪ੍ਰਿੰਸੀਪਲ ਰੁਪਿੰਦਰਜੀਤ ਸਿੰਘ, ਗੁਰਪ੍ਰੀਤ ਸਿੰਘ ਸਹੋਤਾ, ਯੋਗੇਸ਼ ਸਪਰਾ, ਐਮ. ਸੀ. ਦਿਸ਼ੰਤ ਬਹਿਲ, ਜਸਵਿੰਦਰ ਸਿੰਘ, ਲਵਦੀਪ ਸਿੰਘ ਆਦਿ ਹਾਜ਼ਰ ਸਨ।
ਬਾਬਾ ਦੀਪ ਸਿੰਘ ਜੀ ਚੈਰੀਟੇਬਲ ਹਸਪਤਾਲ ਬਾਹਗਾ ਵਿਖੇ ਮੈਡੀਕਲ ਕੈਂਪ ਲਗਾਇਆ
ਅਜੀਤ ਡੈਸਕ
21-06-2026