ਹੁਸ਼ਿਆਰਪੁਰ, 9 ਜੁਲਾਈ (ਨਰਿੰਦਰ ਸਿੰਘ ਬੱਡਲਾ)-ਕਾਂਗਰਸ ਪਾਰਟੀ ਦੇ ਆਗੂ ਅਸ਼ੀਸ਼ ਪ੍ਰਭਾਕਰ ਪੁੱਤਰ ਤੇਜਪਾਲ ਵਾਸੀ ਵਾਰਡ ਨੰਬਰ 13 ਮਾਹਿਲਪੁਰ ਨੇ ਹੁਸ਼ਿਆਰਪੁਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ 28 ਜਨਵਰੀ ਨੂੰ ਜਦੋਂ ਉਹ ਰਾਤ ਦੀ ਰੋਟੀ ਖਾ ਕੇ ਘਰੋਂ ਸੈਰ ਲਈ ਨਿਕਲਿਆ ਤਾਂ ਉਸ ਦੇ ਗੁਆਂਢੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਕਿਸੇ ਜਾਣਕਾਰ ਨੇ ਸਿਵਲ ਹਸਪਤਾਲ ਮਾਹਿਲਪੁਰ ਦਾਖ਼ਲ ਕਰਵਾਇਆ। ਉਸ ਨੇ ਦੱਸਿਆ ਕਿ ਪਹਿਲਾਂ ਤਾਂ ਪੁਲਿਸ ਉਸ ਦੇ ਬਿਆਨ ਹੀ ਨਹੀਂ ਲੈ ਰਹੀ ਸੀ ਪਰ ਡਾਕਟਰਾਂ ਵਲੋਂ ਛੁੱਟੀ ਦੇਣ ਬਾਰੇ ਕਿਹਾ ਗਿਆ ਤਾਂ ਥਾਣਾ ਮਾਹਿਲਪੁਰ ਦੇ ਥਾਣੇਦਾਰ ਗੁਲਸ਼ਨ ਮੁਹੰਮਦ ਨੇ ਉਸ ਦੇ ਬਿਆਨ ਲਏ। ਉਸ ਨੇ ਦੱਸਿਆ ਕਿ ਪੁਲਿਸ ਵਲੋਂ ਕਾਰਵਾਈ ਨਾ ਹੁੰਦੀ ਦੇਖ ਉਸ ਨੇ ਸਬੰਧਿਤ ਥਾਣੇਦਾਰ ਤੋਂ ਪੁੱਛਿਆ ਤਾਂ ਉਨ੍ਹਾਂ ਸਪੱਸ਼ਟ ਕਹਿ ਦਿੱਤਾ ਸੀ ਕਿ ਉਸ ਨੇ ਤਾਂ ਪਰਚਾ ਕਰਨ ਦੀ ਰਿਪੋਰਟ ਲਿਖ ਦਿੱਤੀ ਹੈ ਪਰ ਥਾਣਾ ਮੁਖੀ ਸਾਰੀ ਕਾਰਵਾਈ ਆਪਣੇ ਕੋਲ ਰੱਖੀ ਬੈਠੇ ਹਨ। ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਨੇ ਥਾਣਾ ਮਾਹਿਲਪੁਰ ਪੁਲਿਸ ਖ਼ਿਲਾਫ਼ ਇਕ ਸ਼ਿਕਾਇਤ ਕੀਤੀ ਜਿਸ ਸਬੰਧੀ ਦੋ ਮਹੀਨੇ ਥਾਣੇਦਾਰ ਗੁਲਸ਼ਨ ਇਹ ਕਹਿ ਕੇ ਟਾਲਦਾ ਰਿਹਾ ਕਿ ਉਸ ਕੋਲ ਸ਼ਿਕਾਇਤ ਆਈ ਹੀ ਨਹੀਂ ਜਦਕਿ ਡੀ.ਐਸ.ਪੀ. ਗੜ੍ਹਸ਼ੰਕਰ ਨੇ ਉਸ ਦੇ ਬਿਆਨ ਵੀ ਲੈ ਲਏ। ਉਸ ਨੇ ਦੱਸਿਆ ਕਿ ਉਸ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਕੀਤੀ ਇਕ ਹੋਰ ਸ਼ਿਕਾਇਤ ਦੀ ਪੜਤਾਲ ਵੀ ਉਸੇ ਥਾਣੇਦਾਰ ਕੋਲ ਆਈ ਜਿਹੜਾ ਉਸ ਦੇ ਕੇਸ ਨੂੰ ਦਰਜ ਕਰਨ ਵਿਚ ਆਨਾਕਾਨੀ ਕਰ ਰਿਹਾ ਸੀ। ਉਸ ਨੇ ਦੱਸਿਆ ਕਿ ਇਸ ਸ਼ਿਕਾਇਤ ਸਬੰਧੀ ਥਾਣੇਦਾਰ ਨੇ ਉਸ ਨਾਲ ਜੱਗੋਂ ਤੇਹਰਵੀਂ ਹੀ ਕਰ ਦਿੱਤੀ। ਉਸ ਨੂੰ ਇਨਸਾਫ਼ ਦੇਣ ਦੀ ਬਜਾਏ ਉਸ ਨੂੰ ਧਮਕੀ ਦੇ ਦਿੱਤੀ ਕਿ ਇਸ ਸ਼ਿਕਾਇਤ ਨੂੰ ਛੱਡ ਦੇ ਜੇਕਰ ਮੁੜ ਕੁੱਟਮਾਰ ਹੋਈ ਤਾਂ ਕਾਰਵਾਈ ਕਰਾਂਗੇ। ਨਾਲ ਉਸ ਨੇ ਕਿਹਾ ਕਿ ਅਫ਼ਸਰਾਂ ਨੂੰ ਸ਼ਿਕਾਇਤਾਂ ਕਰਨੀਆਂ ਬੰਦ ਕਰ ਦੇ ਨਹੀਂ ਤਾਂ ਤੇਰੇ ਹੀ ਪਰਚਾ ਦੇ ਦੇਵਾਂਗੇ। ਅਸ਼ੀਸ਼ ਨੇ ਦੱਸਿਆ ਕਿ ਉਸ ਦੀ ਮੈਡੀਕਲ ਰਿਪੋਰਟ ਵਾਲੀ ਕਾਰਵਾਈ ਉਸ ਦੇ ਦੋ ਉਨ੍ਹਾਂ ਗੁਆਂਢੀਆਂ ਦੇ ਬਿਆਨ ਲੈ ਕੇ ਬੰਦ ਕਰ ਦਿੱਤੀ ਜਿਨ੍ਹਾਂ ਨਾਲ ਉਸ ਦੇ ਅਦਾਲਤੀ ਅਤੇ ਫ਼ੌਜਦਾਰੀ ਕੇਸ ਚੱਲ ਰਹੇ ਹਨ। ਉਸ ਨੇ ਦੱਸਿਆ ਕਿ ਛੇ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਅਤੇ ਜੇਕਰ ਹੁਣ ਵੀ ਇਨਸਾਫ਼ ਨਾ ਮਿਲਿਆ ਤਾਂ ਉਹ ਥਾਣਾ ਮਾਹਿਲਪੁਰ ਅੱਗੇ ਧਰਨਾ ਦਿੱਤਾ ਜਾਵੇਗਾ। ਇਸ ਸਬੰਧੀ ਥਾਣੇਦਾਰ ਗੁਲਸ਼ਨ ਮੁਹੰਮਦ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਥਾਣਾ ਮੁਖੀ ਮਦਨ ਸਿੰਘ ਨੂੰ ਉਨ੍ਹਾਂ ਰਿਪੋਰਟ ਬਣਾ ਕੇ ਦੇ ਦਿੱਤੀ ਹੈ ਅਤੇ ਉਨ੍ਹਾਂ ਵਲੋਂ ਹੀ ਪਰਚਾ ਦਰਜ ਕੀਤਾ ਜਾਣਾ ਸੀ।
ਜੇਕਰ ਇਨਸਾਫ਼ ਨਾ ਮਿਲਿਆ ਤਾਂ ਥਾਣਾ ਮਾਹਿਲਪੁਰ ਅੱਗੇ ਦਿੱਤਾ ਜਾਵੇਗਾ ਧਰਨਾ- ਅਸ਼ੀਸ਼ ਪ੍ਰਭਾਕਰ
ਅਜੀਤ ਡੈਸਕ
10-07-2026