ਦਿੜ੍ਹਬਾ ਮੰਡੀ (ਸੰਗਰੂਰ), 7 ਅਗਸਤ (ਜਸਵੀਰ ਸਿੰਘ ਔਜਲਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਦਿੜਬਾ ਦੀ ਅਗਵਾਈ ਹੇਠ ਪਿੰਡ ਤੂਰਬਨਜਾਰਾ ਵਿਖੇ ਸੈਲੋ ਪਲਾਂਟ ਦੇ ਵਿਰੋਧ ਵਿਚ ਚੱਲ ਰਿਹਾ ਦਿਨ-ਰਾਤ ਦਾ ਪੱਕਾ ਮੋਰਚਾ ਨੌਵੇਂ ਦਿਨ ਵਿਚ ਦਾਖ਼ਲ ਹੋ ਗਿਆ। ਇਸ ਮੌਕੇ ਪਿੰਡ ਦੇ ਕਿਸਾਨਾਂ, ਮਜ਼ਦੂਰਾਂ ਅਤੇ ਔਰਤਾਂ ਨੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਸੈਲੋ ਪਲਾਂਟ ਲਗਾਉਣ ਵਾਲੀ ਕੰਪਨੀ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਜ਼ਿਲ੍ਹਾ ਖਜ਼ਾਨਚੀ ਅਮਨਦੀਪ ਸਿੰਘ ਮਹਿਲਾਂ ਅਤੇ ਭਵਾਨੀਗੜ੍ਹ ਬਲਾਕ ਦੇ ਪ੍ਰੈਸ ਸਕੱਤਰ ਹਰਜਿੰਦਰ ਸਿੰਘ ਘਰਾਚੋਂ ਨੇ ਕਿਹਾ ਕਿ ਪਿੰਡ ਦੀ ਹੱਦ ਨਾਲ ਲੱਗਦੀ ਜਗ੍ਹਾ 'ਤੇ ਪੀਯੂਬੀ ਲੌਜਿਸਟਿਕ ਪ੍ਰਾਈਵੇਟ ਲਿਮਿਟਡ ਕੰਪਨੀ ਵਲੋਂ ਸੈਲੋ ਪਲਾਂਟ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਵਿਰੋਧ ਵਿਚ ਪਿੰਡ ਵਾਸੀਆਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਦਿੜਬਾ ਦੇ ਸਹਿਯੋਗ ਨਾਲ ਪੱਕਾ ਮੋਰਚਾ ਲਗਾਇਆ ਹੋਇਆ ਹੈ।
ਆਗੂਆਂ ਨੇ ਦੋਸ਼ ਲਾਇਆ ਕਿ ਕੰਪਨੀ ਸਾਰੀਆਂ ਸਰਕਾਰੀ ਹਦਾਇਤਾਂ ਨੂੰ ਅਣਡਿੱਠਾ ਕਰਕੇ ਧੱਕੇਸ਼ਾਹੀ ਨਾਲ ਸੈਲੋ ਪਲਾਂਟ ਲਗਾਉਣਾ ਚਾਹੁੰਦੀ ਹੈ, ਜਦਕਿ ਇਸ ਮਾਮਲੇ ਸਬੰਧੀ ਮਾਣਯੋਗ ਅਦਾਲਤ ਵਿਚ ਕੇਸ ਵੀ ਚੱਲ ਰਿਹਾ ਹੈ।