ਗੜ੍ਹਸ਼ੰਕਰ, 12 ਜੁਲਾਈ (ਧਾਲੀਵਾਲ)- ਜੁਲਾਈ ਮਹੀਨੇ ਦੀ ਅੱਧ ਬੀਤ ਜਾਣ ਦੇ ਬਾਵਜੂਦ ਵੀ ਗੜ੍ਹਸ਼ੰਕਰ ਇਲਾਕਾ ਭਰਵੀਂ ਬਰਸਾਤ ਤੋਂ ਵਾਂਝਾ ਚੱਲਿਆ ਆ ਰਿਹਾ ਹੈ। ਪਿਛਲੇ ਦਿਨਾਂ ’ਚ ਭਾਵੇਂ ਅਨੇਕਾਂ ਵਾਰ ਭਰਵੀਂ ਬੱਦਲਵਾਈ ਹੁੰਦੀ ਰਹੀ ਪਰ ਇਕ ਵਾਰ ਵੀ ਜ਼ੋਰਦਾਰ ਮੀਂਹ ਨਾ ਪੈਣ ਕਾਰਨ ਗਰਮੀ ਦਾ ਮੌਸਮ ਬਰਕਰਾਰ ਚੱਲਿਆ ਆ ਰਿਹਾ ਹੈ। ਅਜਿਹੇ ਹਾਲਾਤ ਵਿਚ ਝੋਨੇ ਲਈ ਪਾਣੀ ਪੂਰਾ ਕਰਨਾ ਅਤੇ ਮੱਕੀ ਤੇ ਹੋਰ ਫ਼ਸਲਾਂ ਦੀ ਪਾਣੀ ਦਾ ਪ੍ਰਬੰਧ ਕਰਨਾ ਬੇਹੱਦ ਮੁਸ਼ਕਿਲ ਬਣ ਜਾਂਦਾ ਹੈ। ਇਲਾਕੇ ਦੇ ਜੰਗਲੀ ਖੇਤਰ ਦੀ ਹਰਿਆਲੀ ਵੀ ਭਰਵੀਂ ਬਰਸਾਤ ’ਤੇ ਨਿਰਭਰ ਹੈ। ਅਨੇਕਾਂ ਵਾਰ ਇਲਾਕੇ ਵਿਚ ਕਾਲੀਆਂ ਘਟਾਵਾਂ ਚੜ੍ਹਨ ਦੇ ਬਾਵਜੂਦ ਇਕਸਾਰ ਭਰਵੀਂ ਬਰਸਾਤ ਨਹੀਂ ਹੋਈ ਜਿਸ ਕਾਰਨ ਗਰਮੀ ਦੇ ਮੌਸਮ ਤੋਂ ਵੀ ਰਾਹਤ ਨਹੀਂ ਮਿਲ ਰਹੀ। ਇਲਾਕੇ ਵਿਚ ਟੁੱਟਵਾਂ ਮੀਂਹ ਭਾਵ ‘ਕਿਤੇ ਪੈ ਗਿਆ ਤੇ ਕਿਤੇ ਰਹਿ ਗਿਆ’ ਕਦੇ ਨਾ ਕਦੇ ਪੈ ਰਿਹਾ ਹੈ। ਭਰਵੀਂ ਬਰਸਾਤ ਨਾ ਹੋਣ ਕਾਰਨ ਫ਼ਿਲਹਾਲ ਇਲਾਕੇ ’ਚ ਜਨਜੀਵਨ ਪ੍ਰਭਾਵਿਤ ਹੋਇਆ ਪਿਆ ਹੈ। ਪਿਛਲੇ ਦਿਨਾਂ ਤੋਂ ਲੈ ਕੇ ਰੋਜ਼ਾਨਾ ਲਗਾਤਾਰ ਬਦਲਵਾਈਂ ਹੋਣ ਦੇ ਬਾਵਜੂਦ ਭਾਰੀ ਬਾਰਸ਼ ਨਹੀਂ ਹੋਈ। ਐਤਵਾਰ ਨੂੰ ਵੀ ਤੇਜ਼ ਹਵਾਵਾਂ ਚੱਲਣ ਅਤੇ ਭਰਵੀਂ ਬੱਦਲਵਾਈ ਹੋਣ ਦੇ ਬਾਵਜੂਦ ਦਿਨ ਬਾਰਸ਼ ਤੋਂ ਵਾਂਝਾ ਹੀ ਲੰਘ ਗਿਆ।
ਭਰਵੀਂ ਬਰਸਾਤ ਨਾ ਹੋਣ ਕਾਰਨ ਕਿਸਾਨਾਂ ’ਚ ਚਿੰਤਾ ਦਾ ਆਲਮ
ਅਜੀਤ ਡੈਸਕ
13-07-2026