ਦਸੂਹਾ, 12 ਜੁਲਾਈ (ਕੌਸ਼ਲ)- ਲੋੜਵੰਦ ਪਰਿਵਾਰਾਂ ਦੀ ਰਸੋਈ ਦਾ ਖਰਚਾ ਘਟਾਉਣ ਅਤੇ ਉਨ੍ਹਾਂ ਨੂੰ ਜ਼ਰੂਰੀ ਖਾਦ ਸਮਗਰੀ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਮੇਰੀ ਰਸੋਈ’ ਯੋਜਨਾ ਤਹਿਤ ਵਿਧਾਇਕ ਕਰਮਬੀਰ ਸਿੰਘ ਘੁੰਮਣ ਨੇ ਮੁਹੱਲਾ ਕੈਂਥਾਂ ਵਿਚ ਲਾਭਪਾਤਰੀ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ। ਇਸ ਮੌਕੇ ਵੱਡੀ ਗਿਣਤੀ ਵਿਚ ਸਥਾਨਕ ਨਿਵਾਸੀ ਅਤੇ ਯੋਜਨਾ ਦੇ ਲਾਭਪਾਤਰੀ ਹਾਜ਼ਰ ਸਨ। ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਮ ਲੋਕਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਲੋਕ-ਭਲਾਈ ਯੋਜਨਾਵਾਂ ਲਾਗੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਸਿਰਫ਼ ਯੋਜਨਾਵਾਂ ਸ਼ੁਰੂ ਕਰਨਾ ਨਹੀਂ, ਸਗੋਂ ਉਨ੍ਹਾਂ ਦਾ ਲਾਭ ਅਸਲ ਲੋੜਵੰਦਾਂ ਤੱਕ ਪਹੁੰਚਾਉਣਾ ਹੈ। ‘ਮੇਰੀ ਰਸੋਈ’ ਯੋਜਨਾ ਵੀ ਇਸੇ ਸੋਚ ਦਾ ਨਤੀਜਾ ਹੈ ਜਿਸ ਨਾਲ ਲੱਖਾਂ ਪਰਿਵਾਰਾਂ ਨੂੰ ਸਿੱਧੀ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਅਧੀਨ ਵੰਡੀਆਂ ਜਾ ਰਹੀਆਂ ਰਾਸ਼ਨ ਕਿੱਟਾਂ ਵਿਚ 2 ਕਿੱਲੋ ਛੋਲਿਆਂ ਦੀ ਦਾਲ, 2 ਕਿੱਲੋ ਖੰਡ, 1 ਕਿੱਲੋ ਨਮਕ, 200 ਗਰਾਮ ਹਲਦੀ ਤੇ 1 ਲੀਟਰ ਸਰ੍ਹੋਂ ਦਾ ਤੇਲ ਸ਼ਾਮਲ ਹੈ। ਖ਼ਾਸ ਗੱਲ ਇਹ ਹੈ ਕਿ ਲਾਭਪਾਤਰੀ ਪਰਿਵਾਰਾਂ ਨੂੰ ਹਰ ਤਿੰਨ ਮਹੀਨੇ ਬਾਅਦ ਅਜਿਹੀ ਰਾਸ਼ਨ ਕਿੱਟ ਮੁਹੱਈਆ ਕਰਵਾਈ ਜਾਵੇਗੀ, ਜਿਸ ਨਾਲ ਘਰੇਲੂ ਖ਼ਰਚੇ ਦਾ ਬੋਝ ਘਟੇਗਾ ਅਤੇ ਪਰਿਵਾਰਾਂ ਨੂੰ ਨਿਯਮਿਤ ਸਹਾਇਤਾ ਮਿਲਦੀ ਰਹੇਗੀ। ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ 600 ਯੂਨਿਟ ਤੱਕ ਮੁਫ਼ਤ ਬਿਜਲੀ, ਬਿਹਤਰ ਸਿਹਤ ਸਹੂਲਤਾਂ ਅਤੇ ਗੁਣਵੱਤਾ ਭਰਪੂਰ ਸਿੱਖਿਆ ਵਰਗੀਆਂ ਸੇਵਾਵਾਂ ਲੋਕਾਂ ਤੱਕ ਪਹੁੰਚਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਲਗਭਗ 2.20 ਲੱਖ ਪਰਿਵਾਰ ‘ਮੇਰੀ ਰਸੋਈ’ ਯੋਜਨਾ ਤੋਂ ਲਾਭ ਪ੍ਰਾਪਤ ਕਰਨਗੇ ਜਦਕਿ ਪੂਰੇ ਪੰਜਾਬ ਵਿਚ ਕਰੀਬ 40 ਲੱਖ ਪਰਿਵਾਰਾਂ ਨੂੰ ਇਸ ਦਾ ਫ਼ਾਇਦਾ ਮਿਲੇਗਾ। ਯੋਜਨਾ ਦੇ ਪ੍ਰਭਾਵਸ਼ਾਲੀ ਲਾਗੂ ਕਰਨ ਲਈ ਰਾਜ ਸਰਕਾਰ ਨੇ 900 ਕਰੋੜ ਰੁਪਏ ਦਾ ਬਜਟ ਨਿਰਧਾਰਿਤ ਕੀਤਾ ਹੈ। ਇਸ ਮੌਕੇ ਲਾਭਪਾਤਰੀਆਂ ਨੇ ਸਰਕਾਰ ਦੀ ਇਸ ਪਹਿਲ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਯੋਜਨਾ ਨਾਲ ਰਸੋਈ ਦਾ ਖਰਚਾ ਘਟਾਉਣ ਵਿਚ ਮਦਦ ਮਿਲੇਗੀ। ਪ੍ਰੋਗਰਾਮ ਵਿਚ ਅਮਰਪ੍ਰੀਤ ਸਿੰਘ ਪ੍ਰਧਾਨ ਨਗਰ ਕੌਂਸਲ, ਬਲਦੇਵ ਸਿੰਘ ਠਾਕੁਰ, ਭੋਲੂ ਕੈਂਥਾਂ, ਬੋਧ ਰਾਜ, ਗੋਲਡੀ ਹਾਜ਼ਰ ਸਨ।
‘ਮੇਰੀ ਰਸੋਈ ਯੋਜਨਾ’ ਨਾਲ ਲੋੜਵੰਦ ਪਰਿਵਾਰਾਂ ਨੂੰ ਮਿਲੀ ਮਜ਼ਬੂਤੀ - ਵਿਧਾਇਕ ਘੁੰਮਣ ਦਸੂਹਾ ਦੇ ਮੁਹੱਲਾ ਕੈਂਥਾਂ ਚ ਰਾਸ਼ਨ ਕਿੱਟਾਂ ਦੀ ਵੰਡ, ਜ਼ਿਲ੍ਹੇ ਦੇ 2.20 ਲੱਖ ਪਰਿਵਾਰ ਹੋਣਗੇ ਲਾਭਪਾਤਰੀ
ਅਜੀਤ ਡੈਸਕ
13-07-2026