ਹੁਸ਼ਿਆਰਪੁਰ, 13 ਜੁਲਾਈ (ਨਰਿੰਦਰ ਸਿੰਘ ਬੱਡਲਾ)- ਪੰਜਾਬ ਸਰਕਾਰ, ਡਾਇਰੈਕਟਰ ਫੂਡ ਐਂਡ ਡਰੱਗ ਪ੍ਰਸ਼ਾਸਨ ਅਤੇ ਸਿਵਲ ਸਰਜਨ ਦੇ ਨਿਰਦੇਸ਼ਾਂ ਤਹਿਤ ਹੁਸ਼ਿਆਰਪੁਰ ਦੇ ਸਿਹਤ ਵਿਭਾਗ ਵਲੋਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਸ਼ਹਿਰ ਦੇ ਮਸ਼ਹੂਰ ‘ਬਾਬਾ ਚਿਕਨ’ ਦੀ ਦੁਕਾਨ ‘ਤੇ ਛਾਪੇਮਾਰੀ ਕੀਤੀ ਗਈ। ਵਿਭਾਗ ਨੇ ਕਾਰਵਾਈ ਮਿਲੀ ਲਿਖਤੀ ਸ਼ਿਕਾਇਤ ਦੇ ਆਧਾਰ ‘ਤੇ ਕੀਤੀ। ਇਸ ਮੌਕੇ ਫੂਡ ਸੇਫ਼ਟੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਚੈਕਿੰਗ ਕੀਤੀ ਤੇ ਵੱਡੀਆਂ ਖ਼ਾਮੀਆਂ ਪਾਈਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਹਤ ਅਫ਼ਸਰ ਡਾ: ਜਤਿੰਦਰ ਭਾਟੀਆ ਨੇ ਦੱਸਿਆ ਕਿ ਉਨ੍ਹਾਂ ਦੀ ਫੂਡ ਸੇਫ਼ਟੀ ਟੀਮ ਨੂੰ ‘ਬਾਬਾ ਚਿਕਨ’ ਖ਼ਿਲਾਫ਼ ਗਾਹਕਾਂ ਵਲੋਂ ਸ਼ਿਕਾਇਤ ਮਿਲੀ ਸੀ। ਜਦੋਂ ਫੂਡ ਸੇਫ਼ਟੀ ਇੰਸਪੈਕਟਰ ਸਮੇਤ ਟੀਮ ਨੇ ਉੱਥੇ ਜਾ ਕੇ ਚੈਕਿੰਗ ਕੀਤੀ ਤਾਂ ਰਸੋਈ ਅਤੇ ਸਟੋਰੇਜ ਏਰੀਆ ‘ਚ ਸਫ਼ਾਈ ਦਾ ਪ੍ਰਬੰਧ ਬੇਹੱਦ ਮਾੜਾ ਪਾਇਆ ਗਿਆ। ਡਾ. ਭਾਟੀਆ ਨੇ ਦੱਸਿਆ ਕਿ ਚੈਕਿੰਗ ਦੌਰਾਨ ਸਭ ਤੋਂ ਵੱਡੀ ਲਾਪ੍ਰਵਾਹੀ ਇਹ ਸਾਹਮਣੇ ਆਈ ਕਿ ਸ਼ਾਕਾਹਾਰੀ ਤੇ ਮਾਸਾਹਾਰੀ ਖਾਣ-ਪੀਣ ਵਾਲੀਆਂ ਵਸਤੂਆਂ ਨੂੰ ਸਹੀ ਤਰੀਕੇ ਨਾਲ ਵੱਖਰਾ-ਵੱਖਰਾ ਨਹੀਂ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਸਾਰੇ ਫੂਡ ਆਪ੍ਰੇਟਰਾਂ, ਰੈਸਟੋਰੈਂਟਾਂ ਤੇ ਰੇਹੜੀ ਵਾਲਿਆਂ ਨੂੰ ਸਖ਼ਤ ਹਦਾਇਤ ਹੈ ਕਿ ਸ਼ਾਕਾਹਾਰੀ ਤੇ ਮਾਸਾਹਾਰੀ ਖਾਣੇ ਨੂੰ ਵੱਖੋ-ਵੱਖ ਰੱਖਿਆ ਜਾਵੇ। ਡੀ.ਐਚ.ਓ. ਨੇ ਦੱਸਿਆ ਕਿ ਮੌਕੇ ‘ਤੇ ਮਿਲੀ ਅਣ-ਹਾਈਜੀਨਿਕ ਸਥਿਤੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ, ਜਿਸ ਕਾਰਨ ਮੌਕੇ ‘ਤੇ ਹੀ ਬਾਬਾ ਚਿਕਨ ਦਾ ਚਲਾਨ ਕੱਟਿਆ ਗਿਆ ਹੈ। ਇਸ ਤੋਂ ਇਲਾਵਾ ਸ਼ਿਕਾਇਤ ਦੇ ਆਧਾਰ ‘ਤੇ ਗ੍ਰੇਵੀ ਦੇ ਦੋ ਸੈਂਪਲ ਲਏ ਗਏ ਜਿਨ੍ਹਾਂ ਨੂੰ ਖਰੜ ਸਥਿਤ ਸਰਕਾਰੀ ਲੈਬਾਰਟਰੀ ‘ਚ ਜਾਂਚ ਲਈ ਭੇਜ ਦਿੱਤਾ ਜਾਵੇਗਾ।
ਫੂਡ ਸੇਫ਼ਟੀ ਟੀਮ ਵਲੋਂ ਚਿਕਨ ਦੀ ਦੁਕਾਨ ’ਤੇ ਛਾਪੇਮਾਰੀ, ਗੰਦਗੀ ਮਿਲਣ ’ਤੇ ਕੱਟਿਆ ਚਲਾਨ
ਅਜੀਤ ਡੈਸਕ
14-07-2026