ਨਸਰਾਲਾ, 14 ਜੁਲਾਈ (ਸਤਵੰਤ ਸਿੰਘ ਥਿਆੜਾ)-ਕੁੱਝ ਅਣਪਛਾਤਿਆਂ ਵਲੋਂ ਰਾਤ ਵੇਲੇ ਪਿੰਡ ਖਲਵਾਣਾਂ ਤੋਂ ਕਿਸਾਨ ਦੇ ਖੇਤ ’ਚੋਂ ਸਫ਼ੈਦਿਆਂ ਦੇ ਦਰਖ਼ਤ ਚੋਰੀ ਵੱਢ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਖਲਵਾਣਾਂ ਦੇ ਪ੍ਰਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਕਿਸਾਨ ਰਾਮ ਪਾਲ ਜਿਸ ਦੀ ਜ਼ਮੀਨ ਪਿੰਡ ਹੈਦਰੋਵਾਲ ਨੂੰ ਜਾਣ ਵਾਲੀ ਸੜਕ ਤੇ ਪੈਂਦੀ ਹੈ। ਰੋਜ਼ਾਨਾ ਦੀ ਤਰ੍ਹਾਂ ਸਵੇਰੇ ਕਿਸਾਨ ਰਾਮ ਪਾਲ ਤੇ ਉਸ ਦਾ ਪੁੱਤਰ ਜਦੋਂ ਆਪਣੇ ਖੇਤ ਵੱਲ ਨੂੰ ਗਏ ਤਾਂ ਦੇਖਿਆ ਕਿ ਖੇਤ ਵਿਚੋਂ ਸਫ਼ੈਦੇ ਦੇ 22 ਦਰਖ਼ਤ ਵੱਢ ਲਏ ਗਏ ਹਨ। ਮੌਕੇ ਤੇ ਦੇਖਿਆ ਗਿਆ ਕਿ ਟੈਂਪੂ ਦੇ ਟਾਇਰਾਂ ਦੇ ਨਿਸ਼ਾਨ ਲੱਗੇ ਹੋਏ ਹਨ, ਪਰ ਸੜਕ ਨਜ਼ਦੀਕ ਹੋਣ ਕਰਕੇ ਕੁੱਝ ਪਤਾ ਨਹੀਂ ਲੱਗ ਸਕਿਆ। ਇਸ ਦੀ ਜਾਣਕਾਰੀ ਪ੍ਰਦੀਪ ਸਿੰਘ ਢਿੱਲੋਂ ਵਲੋਂ ਪੁਲਿਸ ਚੌਂਕੀ ਨਸਰਾਲਾ ਵਿਖੇ ਦਿੱਤੀ ਗਈ। ਚੋਰੀ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਚੌਂਕੀ ਨਸਰਾਲਾ ਦੇ ਮੁਲਾਜ਼ਮ ਘਟਨਾ ਸਥਾਨ ਤੇ ਪਹੁੰਚੇ, ਜਿਨ੍ਹਾਂ ਵਲੋਂ ਮੌਕਾ ਦੇਖਣ ਤੋਂ ਬਾਅਦ ਆਸ-ਪਾਸ ਦੇ ਕੈਮਰੇ ਖੰਗਾਲਣੇ ਸ਼ੁਰੂ ਕਰ ਦਿੱਤੇ, ਜਿਨ੍ਹਾਂ ਵਿਚ ਖ਼ਾਲੀ ਗੱਡੀ ਕਠਾਰ ਵੱਲ ਤੋਂ ਹੁਸ਼ਿਆਰਪੁਰ ਵੱਲ ਆਉਂਦੀ ਦਿਖਾਈ ਦੇ ਰਹੀ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ ਬਰੀਕੀ ਨਾਲ ਕਰ ਰਹੀ ਹੈ।
ਪਿੰਡ ਖਲਵਾਣਾ ਤੋਂ ਕਿਸਾਨ ਦੇ ਖੇਤਾਂ ’ਚੋਂ ਸਫ਼ੈਦੇ ਦੇ ਦਰੱਖ਼ਤ ਚੋਰੀ
ਅਜੀਤ ਡੈਸਕ
15-07-2026