ਹੁਸ਼ਿਆਰਪੁਰ, 15 ਜੁਲਾਈ (ਨਰਿੰਦਰ ਸਿੰਘ ਬੱਡਲਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੰਜਾਬ ਦੌਰੇ ਦੌਰਾਨ ਜਲੰਧਰ ਵਿਖੇ 17 ਜੁਲਾਈ ਨੂੰ ਕੀਤੀ ਜਾ ਰਹੀ ਵਿਸ਼ਾਲ ਰੈਲੀ ‘ਚ ਹਲਕਾ ਚੱਬੇਵਾਲ ਤੋਂ ਵੱਡੀ ਗਿਣਤੀ ‘ਚ ਭਾਜਪਾ ਅਹੁਦੇਦਾਰ ਤੇ ਵਰਕਰ ਸ਼ਮੂਲੀਅਤ ਕਰਨਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਚੱਬੇਵਾਲ ਤੇ ਕੌਮੀ ਕੌਂਸਲ ਦੇ ਮੈਂਬਰ ਡਾ: ਦਿਲਬਾਗ ਰਾਏ ਨੇ ਭਾਜਪਾ ਅਹੁਦੇਦਾਰਾਂ ਤੇ ਵਰਕਰਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਵਿਕਾਸ ਦਾ ਨਵਾਂ ਦੌਰ ਸ਼ੁਰੂ ਹੋਵੇਗਾ ਅਤੇ ਇਸ ਫੇਰੀ ਨੂੰ ਲੈ ਕੇ ਲੋਕਾਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਪ੍ਰਧਾਨ ਮੰਤਰੀ ਜਲੰਧਰ ਕੈਂਟ ਵਿਖੇ ਨਵੇਂ ਬਣੇ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨ ਦੇ ਨਾਲ-ਨਾਲ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਨਵੀਂ ਸ਼ੁਰੂ ਹੋਈ ਸ੍ਰੀ ਸੰਤ ਰਵਿਦਾਸ ਐਕਸਪ੍ਰੈੱਸ ਰੇਲ ਗੱਡੀ ਨੂੰ ਹਰੀ ਝੰਡੀ ਦਿਖਾਉਣਗੇ। ਅੰਮ੍ਰਿਤਸਰ ਤੋਂ ਵਾਰਾਨਸੀ ਤੱਕ ਚੱਲਣ ਵਾਲੀ ਇਸ ਰੇਲ ਗੱਡੀ ਨਾਲ ਸੰਗਤਾਂ ਨੂੰ ਦਰਸ਼ਨ ਕਰਨ ਲਈ ਹੋਰ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਦੇ ਨਾਲ-ਨਾਲ ਪ੍ਰਧਾਨ ਮੰਤਰੀ ਵਲੋਂ 75 ਤੋਂ ਵੱਧ ਰੇਲਵੇ ਸਟੇਸ਼ਨਾਂ ਦਾ ਵਰਚੂਅਲ ਉਦਘਾਟਨ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 2027 ‘ਚ ਪੰਜਾਬ ‘ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਅਤੇ ਡਬਲ-ਇੰਜਣ ਸਰਕਾਰ ਨੇ ਸਮੁੱਚਾ ਵਿਕਾਸ ਹੋਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਜੀਵਨ ਸਿੰਘ, ਗੁਰਦੀਪ ਦੀਪਾ, ਗੁਲਸ਼ਨ ਕੁਮਾਰ, ਪਰਮਜੀਤ ਸਿੰਘ ਹਕੂਮਤਪੁਰ, ਸੁਰਜੀਤ ਸਿੰਘ, ਗੁਰਬਖ਼ਸ਼ ਸਿੰਘ, ਉਂਕਾਰ ਸਿੰਘ ਬੱਡੋਂ, ਮਨਜੀਤ ਸਿੰਘ ਨਡਾਲੋਂ, ਜਸਪ੍ਰੀਤ ਸਿੰਘ, ਹਰਬਖ਼ਸ਼ ਸਿੰਘ, ਸੁਖਜੀਤ ਸਿੰਘ, ਹਰਬਿਲਾਸ ਠੀਂਡਾ, ਫਕੀਰ ਚੰਦ, ਸੁਦੇਸ਼ ਕੁਮਾਰ, ਰੀਨਾ ਗਿੱਲ, ਰਾਜਾ, ਬਲਰਾਮ ਸਿੰਘ ਬੱਡਲਾ, ਰਣਦੀਪ ਸਿੰਘ ਆਦਿ ਹਾਜ਼ਰ ਸਨ।
ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਨਾਲ ਵਿਕਾਸ ਦਾ ਨਵਾਂ ਦੌਰ ਸ਼ੁਰੂ ਹੋਵੇਗਾ - ਡਾ: ਦਿਲਬਾਗ ਰਾਏ
ਅਜੀਤ ਡੈਸਕ
16-07-2026