ਹੁਸ਼ਿਆਰਪੁਰ, 15 ਜੁਲਾਈ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)- ਸੇਵਾ-ਮੁਕਤ ਕਰਮਚਾਰੀ ਯੂਨੀਅਨ ਨਗਰ ਨਿਗਮ ਹੁਸ਼ਿਆਰਪੁਰ ਵਲੋਂ ਚਾਰ ਮਹੀਨੇ ਬੀਤ ਜਾਣ ਦੇ ਬਾਵਜੂਦ ਨਗਰ ਨਿਗਮ ਵੱਲੋਂ ਇੱਕ ਵੀ ਕਿਸ਼ਤ ਜਾਰੀ ਨਾ ਕੀਤੇ ਜਾਣ ਦੇ ਵਿਰੋਧ ‘ਚ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਰੋਸ ਧਰਨਾ ਲਗਾਇਆ ਗਿਆ। ਇਸ ਮੌਕੇ ਯੂਨੀਅਨ ਦੇ ਚੇਅਰਮੈਨ ਕੁਲਵੰਤ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਵਧੇ ਹੋਏ ਤਨਖ਼ਾਹ ਸਕੇਲਾਂ ਦੀ ਬਕਾਇਆ ਰਕਮ ਜਾਰੀ ਕਰਨ ਲਈ ਵੱਖ-ਵੱਖ ਸਮਾਂ-ਸਾਰਣੀਆਂ ਤੈਅ ਕੀਤੀਆਂ ਗਈਆਂ ਸਨ। ਇਸ ਤਹਿਤ ਅਪ੍ਰੈਲ ਮਹੀਨੇ ਤੋਂ ਸੇਵਾ ਮੁਕਤ ਕਰਮਚਾਰੀਆਂ ਨੂੰ ਕਿਸ਼ਤਾਂ ਦੇ ਰੂਪ ‘ਚ ਰਕਮ ਮਿਲਣੀ ਸ਼ੁਰੂ ਹੋਣੀ ਸੀ, ਪਰ ਚਾਰ ਮਹੀਨੇ ਬੀਤ ਜਾਣ ਦੇ ਬਾਵਜੂਦ ਨਗਰ ਨਿਗਮ ਵਲੋਂ ਇਕ ਵੀ ਕਿਸ਼ਤ ਜਾਰੀ ਨਹੀਂ ਕੀਤੀ ਗਈ। ਇਸ ਮੌਕੇ ਨਗਰ ਨਿਗਮ ਦੇ ਲੇਖਾਕਾਰ ਨੇ ਯੂਨੀਅਨ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਦਿਆਂ ਭਰੋਸਾ ਦਿੱਤਾ ਕਿ 1 ਅਗਸਤ ਤੱਕ ਬਕਾਇਆ ਰਕਮ ਦੀ ਅਦਾਇਗੀ ਕਰ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਯੂਨੀਅਨ ਨੇ ਧਰਨਾ ਸਮਾਪਤ ਕੀਤਾ। ਇਸ ਮੌਕੇ ਲਾਲ ਸਿੰਘ ਪ੍ਰਧਾਨ, ਸੰਜੀਵ ਅਰੋੜਾ ਸਰਪ੍ਰਸਤ, ਜੋਗਿੰਦਰ ਪਾਲ ਵਾਇਸ ਪ੍ਰਧਾਨ, ਦਸ਼ਰਥ ਲਾਲ, ਅਸ਼ੋਕ ਕੁਮਾਰ, ਰਾਮ ਕੁਮਾਰ, ਨਰੇਸ਼ ਕੁਮਾਰ ਡਰਾਈਵਰ, ਹਰੀਸ਼ ਕੁਮਾਰ ਜੇ.ਈ., ਸੁਰਿੰਦਰ ਕੁਮਾਰ ਸੈਨੇਟਰੀ ਇੰਸਪੈਕਟਰ, ਅਸ਼ਵਨੀ ਸ਼ਰਮਾ ਐਸ.ਡੀ.ਓ., ਵਿਨੋਦ ਕੁਮਾਰ ਐਸ.ਐਫ.ਓ., ਦਰਸ਼ਨ ਸਿੰਘ, ਰਮੇਸ਼ ਕੁਮਾਰ ਫਾਇਰਮੈਨ, ਬਲਵਿੰਦਰ ਸਿੰਘ, ਸੁਰਜੀਤ ਸਿੰਘ, ਨਛੱਤਰ ਲਾਲ, ਮੋਹਨ ਸਿੰਘ, ਹਰਜਿੰਦਰ ਸਿੰਘ, ਸੀਤਾ ਰਾਮ, ਮਦਨ ਲਾਲ, ਸੰਸਾਰ ਸਿੰਘ, ਤਰਲੋਚਨ ਸਿੰਘ, ਮੰਗਤ ਰਾਮ, ਸੁਰਜੀਤ ਬਹਿਲ ਆਦਿ ਹਾਜ਼ਰ ਸਨ।
ਸੇਵਾ-ਮੁਕਤ ਕਰਮਚਾਰੀਆਂ ਵਲੋਂ ਨਿਗਮ ਦੇ ਕਮਿਸ਼ਨਰ ਦਫ਼ਤਰ ਸਾਹਮਣੇ ਰੋਸ ਧਰਨਾ
ਅਜੀਤ ਡੈਸਕ
16-07-2026