ਹੁਸ਼ਿਆਰਪੁਰ, 17 ਜੁਲਾਈ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)- ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਇੰਪਲਾਈਜ਼ ਫੈਡਰੇਸ਼ਨ ਦੇ ਸੱਦੇ ‘ਤੇ ਹੁਸ਼ਿਆਰਪੁਰ ਸੈਂਟਰਲ ਕੋਆਪ੍ਰੇਟਿਵ ਬੈਂਕ ਦੇ ਮੁੱਖ ਦਫ਼ਤਰ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ ਜਿਸ ਵਿਚ ਪੰਜਾਬ ਸਰਕਾਰ ਵਲੋਂ ਕਲਰਕ-ਕਮ-ਡਾਟਾ ਐਂਟਰੀ ਆਪ੍ਰੇਟਰਾਂ ਦੀ ਨਵੀਂ ਭਰਤੀ ਸਬੰਧੀ ਜਾਰੀ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੁਖਵੀਰ ਸਿੰਘ ਮੀਤ ਪ੍ਰਧਾਨ ਨੇ ਦੱਸਿਆ ਕਿ ਸਾਲ 2021 ਤੋਂ ਬਾਅਦ ਬੈਂਕ ‘ਚ ਜੋ ਕਲਰਕ-ਕਮ-ਡਾਟਾ ਐਂਟਰੀ ਆਪ੍ਰੇਟਰਾਂ ਦੀ ਨਵੀਂ ਭਰਤੀ ਕੀਤੀ ਗਈ ਹੈ, ਉਨ੍ਹਾਂ ਤਨਖ਼ਾਹ ਸਕੇਲ ਕੇਂਦਰ ਸਰਕਾਰ ਦੀ ਤਰਜ਼ ‘ਤੇ 7ਵੇਂ ਪੇਅ ਕਮਿਸ਼ਨ ਅਨੁਸਾਰ 12ਵੀਂ ਪਾਸ ਕਲਰਕ ਵਾਲੇ ਦਿੱਤੇ ਗਏ ਹਨ ਜਦਕਿ ਉਨ੍ਹਾਂ ਨੂੰ ਗ੍ਰੈਜੂਏਟ ਪਾਸ ਵਾਲੇ ਤਨਖ਼ਾਹ ਸਕੇਲ ਦੇਣੇ ਬਣਦੇ ਸਨ। ਇਸ ਪ੍ਰਕਾਰ ਪੰਜਾਬ ਸਰਕਾਰ ਵਲੋਂ ਇਨ੍ਹਾਂ ਮੁਲਾਜ਼ਮਾਂ ਨਾਲ ਬਹੁਤ ਹੀ ਵੱਡਾ ਧੱਕਾ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਬਹੁਤ ਹੀ ਘੱਟ ਤਨਖ਼ਾਹ ਮਿਲ ਰਹੀ ਹੈ, ਜਿਸ ਨਾਲ ਉਨ੍ਹਾਂ ਨੂੰ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ‘ਚ ਮੁਸ਼ਕਿਲ ਪੇਸ਼ ਆ ਰਹੀ ਹੈ। ਬੈਂਕ ਦੀ ਮੁਲਾਜ਼ਮ ਜਥੇਬੰਦੀ ਤੇ ਸਮੂਹ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ 17 ਜੁਲਾਈ 2020 ਨੂੰ ਜਾਰੀ ਕੀਤੇ ਨੋਟੀਫ਼ਿਕੇਸ਼ਨ ਨੂੰ ਵਾਪਸ ਲੈ ਕੇ ਬੈਂਕਾਂ ’ਚ ਨਵੇਂ ਭਰਤੀ ਕੀਤੇ ਕਲਰਕ-ਕਮ-ਡਾਟਾ ਐਂਟਰੀ ਆਪ੍ਰੇਟਰਾਂ ਤੇ ਹੋਰ ਕੈਟਾਗਰੀ ਦੇ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਵਾਲਾ ਸਕੇਲ ਲਾਗੂ ਕੀਤਾ ਜਾਵੇ। ਇਸ ਮੌਕੇ ਬੈਂਕ ਦੀ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਰੋਹਿਤ ਕੌਸ਼ਲ, ਜਨਰਲ ਸਕੱਤਰ ਬਲਦੇਵ ਸਿੰਘ, ਸਾਬਕਾ ਪ੍ਰਧਾਨ ਰਜਨੀਸ਼ ਕੁਮਾਰ ਕੌਸ਼ਲ, ਮੋਹਿਤ ਕੁੰਦਰਾ, ਸੁਨੀਲ ਦੱਤ, ਰੌਬਿਨ ਭਗਰੀਆ, ਰਾਜਨਦੀਪ ਕੌਰ, ਅੰਮ੍ਰਿਤਪਾਲ ਕੌਰ ਮਿਨਹਾਸ ਆਦਿ ਹਾਜ਼ਰ ਸਨ।