ਮੁਕੇਰੀਆਂ, 18 ਜੁਲਾਈ (ਰਾਮਗੜ੍ਹੀਆ)- ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ ਦੇ ਵਿਦਿਆਰਥੀਆਂ ਨੇ ਖੇਡਾਂ ਦੇ ਖੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਹੋਣਹਾਰ ਨਿਸ਼ਾਨੇਬਾਜ਼ਾਂ ਨੇ 61ਵੀਂ ਪੰਜਾਬ ਸਟੇਟ ਐਸੋਸੀਏਸ਼ਨ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਭਾਗ ਲਿਆ। ਇਹ ਵੱਕਾਰੀ ਮੁਕਾਬਲਾ 6ਵਾਂ ਫ਼ੇਜ਼ ਸ਼ੂਟਿੰਗ ਰੇਂਜ ਮੋਹਾਲੀ ਵਿਖੇ 8 ਜੁਲਾਈ ਤੋਂ 14 ਜੁਲਾਈ 2026 ਤੱਕ ਕਰਵਾਇਆ ਗਿਆ। ਚੈਂਪੀਅਨਸ਼ਿਪ ਵਿਚ ਸਕੂਲ ਦੇ ਨਿਸ਼ਾਨੇਬਾਜ਼ਾਂ ਨੇ ਆਪਣੀ ਪ੍ਰਤਿਭਾ, ਅਨੁਸ਼ਾਸਨ ਤੇ ਸਖ਼ਤ ਮਿਹਨਤ ਦਾ ਬੇਮਿਸਾਲ ਪ੍ਰਦਰਸ਼ਨ ਕੀਤਾ। ਰਾਜ ਪੱਧਰੀ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦੇ ਛੇ ਵਿਦਿਆਰਥੀਆਂ ਨੇ ਪ੍ਰੀ-ਨੈਸ਼ਨਲ ਸ਼ੂਟਿੰਗ ਟੂਰਨਾਮੈਂਟ ਲਈ ਕੁਆਲੀਫ਼ਾਈ ਕੀਤਾ। ਪ੍ਰੀ-ਨੈਸ਼ਨਲ ਲਈ ਚੁਣੇ ਗਏ ਵਿਦਿਆਰਥੀਆਂ ਵਿਚ ਰੁਦ੍ਰਾਂਸ਼ ਮਿਨਹਾਸ (ਕਲਾਸ 61), ਕਿਵਪ੍ਰੀਤ ਕੌਰ (ਕਲਾਸ 71), ਜਸਮੀਨ ਕੌਰ (ਕਲਾਸ 101), ਗੁਰਲੀਨ ਕੌਰ (ਕਲਾਸ 91), ਕਰਨਦੀਪ ਸਿੰਘ (ਕਲਾਸ 102) ਅਤੇ ਕਰਨਦੀਪ ਸਿੰਘ (ਕਲਾਸ 11) ਸ਼ਾਮਲ ਹਨ। ਇਸ ਸ਼ਾਨਦਾਰ ਉਪਲਬਧੀ ਦਾ ਸਿਹਰਾ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਨਿਯਮਿਤ ਅਭਿਆਸ ਤੇ ਸਕੂਲ ਦੇ ਸ਼ੂਟਿੰਗ ਕੋਚ ਗੁਰਪ੍ਰੀਤ ਸਿੰਘ ਦੀ ਯੋਗ ਅਗਵਾਈ ਨੂੰ ਜਾਂਦਾ ਹੈ। ਸਕੂਲ ਦੇ ਡਾਇਰੈਕਟਰ ਪ੍ਰੋ. ਜੀ. ਐੱਸ. ਮੁਲਤਾਨੀ ਤੇ ਨੀਰੂ ਮੁਲਤਾਨੀ, ਨਾਲ ਹੀ ਪ੍ਰਿੰਸੀਪਲ ਅਰਚਨਾ ਸੂਦਨ ਨੇ ਸਾਰੇ ਚੁਣੇ ਗਏ ਵਿਦਿਆਰਥੀਆਂ ਤੇ ਕੋਚ ਗੁਰਪ੍ਰੀਤ ਸਿੰਘ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਦਿਲੋਂ ਵਧਾਈ ਦਿੱਤੀ। ਸਕੂਲ ਪਰਿਵਾਰ ਨੇ ਚੁਣੇ ਗਏ ਵਿਦਿਆਰਥੀਆਂ ਦੇ ਰੌਸ਼ਨ ਭਵਿੱਖ ਲਈ ਸ਼ੁੱਭਕਾਮਨਾਵਾਂ ਪ੍ਰਗਟ ਕਰਦਿਆਂ ਵਿਸ਼ਵਾਸ ਜਤਾਇਆ ਕਿ ਉਹ ਆਉਣ ਵਾਲੇ ਪ੍ਰੀ-ਨੈਸ਼ਨਲ ਸ਼ੂਟਿੰਗ ਟੂਰਨਾਮੈਂਟ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਹੋਰ ਉੱਚਾ ਕਰਨਗੇ।