ਕੋਰੋਨਾ ਕਾਲ ਦੌਰਾਨ ਕਾਰੋਬਾਰੀ ਲੋਨ’’ਚ ਧੋਖਾਧੜੀ ਕਰਨ ਦੇ ਮਾਮਲੇ ’ਚ ਭਾਰਤੀ ਮੂਲ ਦੀ ਮਹਿਲਾ ਨੂੰ ਯੂ.ਕੇ. ਵਿਚ 2 ਸਾਲ ਦੀ ਸਜ਼ਾ
ਅਜੀਤ ਡੈਸਕ
19-07-2026
ਦੋਸ਼ੀ ਮਹਿਲਾ ਦੀ ਪਛਾਣ 50 ਸਾਲਾ ਰੂਪਾਲੀ ਵਾਘ ਵਜੋਂ ਹੋਈ ਹੈ, ਜੋ ਕਾਰਡਿਫ਼ ਦੀ ਰਹਿਣ ਵਾਲੀ ਹੈ। ਉਸਨੇ ਇਨਸੋਲਵੈਂਸੀ ਸਰਵਿਸ ਦੀ ਜਾਂਚ ਤੋਂ ਬਾਅਦ ਧੋਖਾਧੜੀ ਦੇ ਪੰਜ ਮਾਮਲਿਆਂ ਵਿੱਚ ਆਪਣਾ ਗੁਨਾਹ ਕਬੂਲ ਕਰ ਲਿਆ ਸੀ।
ਜਾਂਚ ਮੁਤਾਬਕ, ਰੂਪਾਲੀ ਵਾਘ ਨੇ ਮਈ ਅਤੇ ਸਤੰਬਰ 2020 ਦੇ ਵਿਚਕਾਰ ਸਰਕਾਰ ਦੀ ਉਸ ਵਿੱਤੀ ਸਕੀਮ ਦਾ ਨਜਾਇਜ਼ ਫਾਇਦਾ ਉਠਾਇਆ ਜੋ ਲੌਕਡਾਊਨ ਦੌਰਾਨ ਡੁੱਬ ਰਹੇ ਛੋਟੇ ਕਾਰੋਬਾਰਾਂ ਨੂੰ ਬਚਾਉਣ ਲਈ ਸ਼ੁਰੂ ਕੀਤੀ ਗਈ ਸੀ। ਉਸਨੇ ਆਪਣੀਆਂ ਚਾਰ ਵੱਖ-ਵੱਖ ਕੰਪਨੀਆਂ ਦੇ ਨਾਂ ‘ਤੇ ਕੁੱਲ 216,250 ਪੌਂਡ ਦਾ ਫਰਜ਼ੀ ਕਰਜ਼ਾ ਲਿਆ।
ਕਰਜ਼ਾ ਲੈਣ ਲਈ ਕੰਪਨੀਆਂ ਦੀ ਕਮਾਈ ਨੂੰ ਕਾਗਜ਼ਾਂ ਵਿੱਚ ਵਧਾ-ਚੜ੍ਹਾ ਕੇ ਦਿਖਾਇਆ ਤਾਂ ਜੋ ਵੱਧ ਤੋਂ ਵੱਧ ਲੋਨ ਮਿਲ ਸਕੇ। ਨਿਯਮਾਂ ਮੁਤਾਬਕ ਇੱਕ ਕੰਪਨੀ ਨੂੰ ਸਿਰਫ਼ ਇੱਕ ਹੀ ਲੋਨ ਮਿਲ ਸਕਦਾ ਸੀ, ਪਰ ਉਸਨੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਇੱਕੋ ਕੰਪਨੀ ‘ਤੇ ਦੋ ਵੱਖ-ਵੱਖ ਲੋਨ ਲਏ। ਉਨ੍ਹਾਂ ਕੰਪਨੀਆਂ ਦੇ ਨਾਂ ‘ਤੇ ਵੀ ਮੋਟੀਆਂ ਰਕਮਾਂ ਲਈਆਂ ਜੋ ਜਾਂ ਤਾਂ ਬਿਲਕੁਲ ਬੰਦ ਸਨ ਜਾਂ ਮਹਾਂਮਾਰੀ ਤੋਂ ਕੁਝ ਸਮਾਂ ਪਹਿਲਾਂ ਹੀ ਸ਼ੁਰੂ ਕੀਤੀਆਂ ਗਈਆਂ ਸਨ।
ਘੁਟਾਲੇ ਵਿੱਚ ਵਰਤੀਆਂ ਗਈਆਂ ਚਾਰ ਕੰਪਨੀਆਂ ਵਿੱਚ ਵਨ ਟੂ ਫੋਰ ਅਕਾਊਂਟਿੰਗ ਲਿਮਟਿਡ, ਟੈਲੇਂਸੇਤੂ ਯੂ.ਕੇ. ਲਿਮਟਿਡ, ਵ੍ਹਾਈਟ ਕੋਕੋਨਟ ਲਿਮਟਿਡ, ਇੰਡੀਅਨ ਕੈਂਟੀਨ ਲਿਮਟਿਡ ਸ਼ਾਮਿਲ ਸਨ।
ਰੂਪਾਲੀ ਨੇ ਇਸ ਸਰਕਾਰੀ ਪੈਸੇ ਦੀ ਵਰਤੋਂ ਆਪਣੇ ਨਿੱਜੀ ਫਾਇਦਿਆਂ ਲਈ ਕੀਤੀ। ਜਾਂਚ ਵਿੱਚ ਸਾਹਮਣੇ ਆਇਆ ਕਿ ਉਸਨੇ ਆਪਣੇ ਨਿੱਜੀ ਕ੍ਰੈਡਿਟ ਕਾਰਡ ਅਤੇ ਪੁਰਾਣੇ ਕਰਜ਼ੇ ਉਤਾਰੇ, ਸ਼ੇਅਰ ਮਾਰਕੀਟ (ਸਟਾਕ ਮਾਰਕੀਟ) ਵਿੱਚ ਨਿੱਜੀ ਨਿਵੇਸ਼ ਕੀਤਾ ਅਤੇ 25,000 ਪੌਂਡ ਤੋਂ ਵੱਧ ਦੀ ਰਕਮ ਸਿੱਧੀ ਭਾਰਤ ਵਿੱਚ ਇੱਕ ਬੈਂਕ ਖਾਤੇ ਵਿੱਚ ਟ੍ਰਾਂਸਫਰ ਕੀਤੀ।
ਜਦੋਂ ਜਾਂਚ ਏਜੰਸੀ ਨੇ ਰੂਪਾਲੀ ਤੋਂ ਪੁੱਛਗਿੱਛ ਕੀਤੀ, ਤਾਂ ਪਹਿਲਾਂ ਉਸਨੇ ਝੂਠ ਬੋਲਿਆ ਕਿ ਕਿਸੇ ਹੋਰ ਵਿਅਕਤੀ ਨੇ ਉਸਦੇ ਕੰਪਿਊਟਰ ਦੀ ਗਲਤ ਵਰਤੋਂ ਕਰਕੇ ਇਹ ਲੋਨ ਲਏ ਹਨ। ਪਰ ਬਾਅਦ ਵਿੱਚ ਉਸਨੇ ਆਪਣੀ ਗਲਤੀ ਮੰਨ ਲਈ ਅਤੇ ਕਿਹਾ ਕਿ ਉਸਨੂੰ ਲੱਗਦਾ ਸੀ ਕਿ ਨਿੱਜੀ ਕਰਜ਼ੇ ਉਤਾਰਨ ਨਾਲ ਉਸਦੇ ਕਾਰੋਬਾਰ ਨੂੰ ਹੀ ਫਾਇਦਾ ਹੋਵੇਗਾ।
ਹੁਣ ਯੂ.ਕੇ. ਦੇ ਅਧਿਕਾਰੀ ਪ੍ਰੋਸੀਡਜ਼ ਆਫ ਕ੍ਰਾਈਮ ਐਕਟ 2002 ਦੇ ਤਹਿਤ ਕਾਰਵਾਈ ਕਰ ਰਹੇ ਹਨ ਤਾਂ ਜੋ ਰੂਪਾਲੀ ਵੱਲੋਂ ਲੁੱਟੀ ਗਈ ਜਨਤਾ ਦੇ ਟੈਕਸ ਦੀ ਪੂਰੀ ਰਕਮ ਵਾਪਸ ਵਸੂਲ ਕੀਤੀ ਜਾ ਸਕੇ।