ਬੀਣੇਵਾਲ, 24 ਜੁਲਾਈ (ਬੈਜ ਚੌਧਰੀ)- ਬਰਸਾਤ ਦੇ ਪਹਿਲੇ ਮੀਂਹ ਨੇ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਅਸੀਂ ਗਲ ਕਰ ਰਹੇ ਹਾਂ ਗੜ੍ਹਸ਼ੰਕਰ ਨੰਗਲ ਰੋਡ ’ਤੇ ਪੈਂਦੇ ਅੱਡਾ ਪੰਡੋਰੀ ਤੋਂ ਮੈਹਿੰਦਵਾਣੀ ਅੱਗੇ ਹਿਮਾਚਲ ਪ੍ਰਦੇਸ਼ ਬਾਰਡਰ ਤਕ ਜਾਣ ਵਾਲੀ ਸੜਕ ਦੀ। ਇਸ ਸੜਕ ਦੀ ਹਾਲਤ ਬਦ ਤੋਂ ਵੀ ਬਦਤਰ ਬਣੀ ਹੋਈ ਹੈ। ਇਕੱਤਰ ਜਾਣਕਾਰੀ ਮੁਤਾਬਿਕ ਕਰੀਬ ਪੰਜ ਕਿੱਲੋਮੀਟਰ ਤੋਂ ਵੱਧ ਲੰਬੀ ਇਸ ਸੜਕ ’ਤੇ ਪੁਰਾਣੀ ਸੜਕ ਕਿਤੇ ਵੀ ਦਿਖਾਈ ਨਹੀਂ ਦੇ ਰਹੀ। ਸੜਕ ਤੋਂ ਪੰਜ ਪਿੰਡਾਂ ਪੰਡੋਰੀ, ਡੰਗੋਰੀ, ਭਡਿਆਰ, ਮੈਹਿੰਦਵਾਣੀ, ਮੈਹਿੰਦਵਾਣੀ ਗੁੱਜਰਾਂ ਸਮੇਤ ਹਿਮਾਚਲ ਪ੍ਰਦੇਸ਼ ਨੂੰ ਜਾਣ ਵਾਲੇ ਹਰ ਛੋਟੇ ਵੱਡੇ ਵਾਹਨ ਚਾਲਕਾਂ ਨੇ ਦਸ ਕਿੱਲੋਮੀਟਰ ਦੂਰ ਰਸਤਾ ਬਦਲ ਕੇ ਪੰਡੋਰੀ ਤੋਂ ਅੱਡਾ ਝੁੰਗੀਆਂ ਬੀਣੇਵਾਲ, ਮੈਹਿੰਦਵਾਣੀ ਰਸਤੇ ਹਿਮਾਚਲ ਪ੍ਰਦੇਸ਼ ਨੂੰ ਜਾਣਾ ਸ਼ੁਰੂ ਕਰ ਦਿੱਤਾ ਹੈ। ਲੋਕ ਬਚਾਓ ਪਿੰਡ ਬਚਾਓ ਸੰਘਰਸ਼ ਕਮੇਟੀ ਇਲਾਕਾ ਬੀਤ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਕੁਲਭੂਸ਼ਨ ਕੁਮਾਰ ਸਾਬਕਾ ਸਰਪੰਚ, ਦਵਿੰਦਰ ਰਾਣਾ ਸਾਬਕਾ ਸਰਪੰਚ, ਸੁਭਾਸ਼ ਚੰਦਰ ਸਾਬਕਾ ਸਰਪੰਚ, ਕਮਲ ਕਟਾਰੀਆ ਸੰਮਤੀ ਮੈਂਬਰ, ਅਮਨਦੀਪ ਬੀਣੇਵਾਲ, ਅਵਤਾਰ ਕਟਾਰੀਆ, ਪੰਮੀ ਸਾਬਕਾ ਸਰਪੰਚ ਪੰਡੋਰੀ, ਸਰਵਣ ਕਸਾਣਾ ਸੰਮਤੀ ਮੈਂਬਰ, ਅਜੈਬ ਸਿੰਘ ਬੋਪਾਰਾਏ ਜਨਰਲ ਸਕੱਤਰ ਜੱਟ ਮਹਾਂ ਸਭਾ ਪੰਜਾਬ, ਹੁਸਨ ਲਾਲ ਨੰਬਰਦਾਰ ਜ਼ਿਲ੍ਹਾ ਉਪ ਪ੍ਰਧਾਨ ਕਾਂਗਰਸ, ਲੈਕਚਰਾਰ ਪਵਨ ਸ਼ਰਮਾ ਨੇ ਮੰਗ ਕੀਤੀ ਹੈ ਕਿ ਬੀਤ ਇਲਾਕੇ ਦੀ ਇਸ ਮੁੱਖ ਸੜਕ ਦੀ ਮੁਰੰਮਤ ਪਹਿਲ ਦੇ ਆਧਾਰ ‘ਤੇ ਕੀਤੀ ਜਾਵੇ।