ਹੁਸ਼ਿਆਰਪੁਰ, 24 ਜੁਲਾਈ (ਨਰਿੰਦਰ ਸਿੰਘ ਬੱਡਲਾ)- ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖ਼ਿਆਲਾ, ਜਲੰਧਰ ਦੇ ਇਤਿਹਾਸ ਵਿਭਾਗ, ਯੂਨੀਵਰਸਿਟੀ ਇੰਸਟੀਚਿਊਟ ਆਫ਼ ਹਿਊਮੈਨਿਟੀਜ਼, ਵੱਲੋਂ 28–29 ਜੁਲਾਈ ਨੂੰ ਦੋ-ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਸ ਸੈਮੀਨਾਰ ਬਾਰੇ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ.ਪਲਵਿੰਦਰ ਸਿੰਘ ਨੇ ਦੱਸਿਆ ਕਿ 1947 ਦੀ ਵੰਡ ਸਿਰਫ਼ ਜ਼ਮੀਨ ਜਾਂ ਸਰਹੱਦਾਂ ਦੀ ਵੰਡ ਨਹੀਂ ਸੀ ਸਗੋਂ ਇਹ ਕਰੋੜਾਂ ਲੋਕਾਂ ਦੀਆਂ ਸੰਵੇਦਨਾਵਾਂ, ਸਭਿਆਚਾਰ ਅਤੇ ਮਾਨਸਿਕਤਾ ’ਤੇ ਲੱਗਿਆ ਇੱਕ ਅਜਿਹਾ ਅਸਹਿ ਜ਼ਖ਼ਮ ਸੀ ਜਿਸ ਦੇ ਅਸਰ ਅੱਜ ਵੀ ਸਾਡੀ ਸਮੂਹਿਕ ਯਾਦਦਾਸ਼ਤ ਵਿਚ ਮੌਜੂਦ ਹਨ। ਇਹ ਰਾਸ਼ਟਰੀ ਸੈਮੀਨਾਰ ਇਤਿਹਾਸ ਦੇ ਉਨ੍ਹਾਂ ਅਣਫੋਲੇ ਪੰਨਿਆਂ, ਪੀੜ੍ਹੀ ਦਰ ਪੀੜ੍ਹੀ ਚੱਲੀ ਆ ਰਹੀ ਮਾਨਸਿਕ ਪੀੜ ਅਤੇ ਵੰਡ ਤੋਂ ਬਾਅਦ ਲੋਕਾਂ ਦੇ ਮੁੜ ਵਸੇਬੇ ਦੇ ਸੰਘਰਸ਼ ਨੂੰ ਵੱਖ-ਵੱਖ ਪਰਤਾਂ ਰਾਹੀਂ ਸਮਝਣ ਦਾ ਇੱਕ ਗੰਭੀਰ ਅਕਾਦਮਿਕ ਯਤਨ ਹੈ। ਸਾਡੀ ਯੂਨੀਵਰਸਿਟੀ ਦਾ ਮਕਸਦ ਖੋਜਾਰਥੀਆਂ ਅਤੇ ਵਿਦਵਾਨਾਂ ਨੂੰ ਇੱਕ ਅਜਿਹਾ ਮੰਚ ਪ੍ਰਦਾਨ ਕਰਨਾ ਹੈ ਜਿੱਥੇ ਮੌਖਿਕ ਇਤਿਹਾਸ ਅਤੇ ਤੱਥਾਂ ਦੇ ਆਧਾਰ ’ਤੇ ਵੰਡ ਦੇ ਦਰਦ ਨੂੰ ਨਵੇਂ ਦ੍ਰਿਸ਼ਟੀਕੋਣ ਨਾਲ ਸਮਝਿਆ ਜਾ ਸਕੇ। ਸੈਮੀਨਾਰ ਵਿਚ ਅਕਾਦਮਿਕ ਵਿਦਵਾਨ ਸਾਬਕਾ ਪ੍ਰੋ. ਮੰਜੂ ਮਲਹੋਤਰਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਡਾ.ਜਸਵੀਰ ਸਿੰਘ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ, ਡਾ. ਪ੍ਰਮੋਦ ਕੁਮਾਰ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਡਾ. ਸਮੀਰ ਕੇਂਦਰੀ ਯੂਨੀਵਰਸਿਟੀ, ਪੰਜਾਬ, ਬਠਿੰਡਾ ਖੋਜਾਰਥੀ ਤੇ ਇਤਿਹਾਸਕਾਰ ਹਿੱਸਾ ਲੈਣਗੇ।