01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਹੁਸ਼ਿਆਰਪੁਰ ਨਗਰ ਨਿਗਮ ਦਾ ਮੇਅਰ ਇਸ ਵਾਰ ਜਨਰਲ ਵਰਗ ਦਾ ਹੋਵੇਗਾ

Ad Position 21
No active advertisement
ਅਜੀਤ ਡੈਸਕ 01-08-2026
ਹੁਸ਼ਿਆਰਪੁਰ, 31 ਜੁਲਾਈ (ਹਰਪ੍ਰੀਤ ਕੌਰ)-ਹੁਸ਼ਿਆਰਪੁਰ ਨਗਰ ਨਿਗਮ ਦੇ ਮੇਅਰ ਦਾ ਪਦ ਇਸ ਵਾਰੀ ਜਨਰਲ ਵਰਗ ਲਈ ਰਾਖਵਾਂ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਸਥਾਨਕ ਸਰਕਾਰ ਵਿਭਾਗ ਵਲੋਂ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ। ਪਿਛਲੀ ਵਾਰ ਇਹ ਅਹੁਦਾ ਅਨੁਸੂਚਿਤ ਜਾਤੀ ਦੇ ਉਮੀਦਵਾਰ ਲਈ ਰਾਖਵਾਂ ਸੀ। ਹਾਲਾਂਕਿ ਸੀਟ ਓਪਨ ਹੋਣ ਕਰਕੇ ਐਸ.ਸੀ ਤੇ ਬੀ.ਸੀ ਵਰਗ ਦੇ ਉਮੀਦਵਾਰਾਂ ’ਚੋਂ ਵੀ ਕਿਸੇ ਨੂੰ ਚੁਣਿਆ ਜਾ ਸਕਦਾ ਹੈ ਪਰ ਇਸ ਨਾਲ ਰਾਖਵਾਂਕਰਨ ਦਾ ਮਾਇਨਾ ਹੀ ਖਤਮ ਹੋ ਜਾਵੇਗਾ। ਰਾਖਵਾਂਕਰਨ ਹੋਣ ਕਰਕੇ ਇਸ ਗੱਲ ਦੀ ਅਹਿਮੀਅਤ ਨਹੀਂ ਰਹਿੰਦੀ ਕਿ ਉਮੀਦਵਾਰ ਕਿੰਨਾ ਸੀਨੀਅਰ ਜਾਂ ਤਜ਼ਰਬੇਕਾਰ ਹੈ। ਸੀਨੀਆਰਤਾ ਦੇ ਹਿਸਾਬ ਨਾਲ ਸਾਬਕਾ ਮੇਅਰ ਸੁਰਿੰਦਰ ਕੁਮਾਰ ਸ਼ਿੰਦਾ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਸਭ ਤੋਂ ਅੱਗੇ ਹਨ ਪਰ ਇਹ ਕ੍ਰਮਵਾਰ ਐਸ.ਸੀ ਤੇ ਬੀ.ਸੀ ਸ਼੍ਰੇਣੀ ਨਾਲ ਸਬੰਧਤ ਹਨ। ਜਨਰਲ ਵਰਗ ਲਈ ਸੀਟ ਰਾਖਵੀਂ ਹੋਣ ਕਰਕੇ ਇਹ ਦੌੜ ’ਚੋਂ ਬਾਹਰ ਹੋ ਗਏ ਹਨ। ਨੋਟੀਫ਼ਿਕੇਸ਼ਨ ਹੋ ਜਾਣ ਤੋਂ ਬਾਅਦ ਮੇਅਰ ਬਣਨ ਚਾਹਵਾਨ ਸਰਗਰਮ ਹੋ ਗਏ ਹਨ। ਸੂਤਰਾਂ ਅਨੁਸਾਰ ਆਮ ਆਦਮੀ ਪਾਰਟੀ ਦੀ ਸਥਾਨਕ ਲੀਡਰਸ਼ਿਪ ਵਿਚ ਮੇਅਰ ਦੇ ਮੁੱਦੇ ’ਤੇ ਕਾਫ਼ੀ ਮਦਭੇਦ ਹਨ। ਸਥਾਨਕ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਦੀ ਪਸੰਦ ਵੱਖਰੀ ਹੈ ਜਦੋਂਕਿ ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਕਰਮਜੀਤ ਕੌਰ ਅਤੇ ਬੈਕਫਿੰਕੋ ਦੇ ਚੇਅਰਮੈਨ ਸੰਦੀਪ ਸੈਣੀ ਦੀ ਪਸੰਦ ਹੋਰ ਹੈ। ਜਿੱਥੇ ਜਿੰਪਾ ਦਾ ਭਰਾ ਦੂਜੀ ਵਾਰ ਕੌਂਸਲਰ ਬਣਿਆ ਹੈ ਉੱਥੇ ਸੈਣੀ ਦੀ ਪਤਨੀ ਪਹਿਲੀ ਵਾਰ ਚੋਣ ਜਿੱਤ ਕੇ ਆਈ ਹੈ। ਮਾਰਕਿਟ ਕਮੇਟੀ ਦੇ ਚੇਅਰਮੈਨ ਜਸਪਾਲ ਚੇਚੀ ਖੁੱਦ ਦੌੜ ’ਚ ਹਨ। ਉੱਧਰ ਸਾਬਕਾ ਨਗਰ ਕੌਂਸਲ ਦੇ ਸਾਬਕਾ ਉਪ ਪ੍ਰਧਾਨ ਖਰੈਤੀ ਲਾਲ ਕਤਨਾ ਦੇ ਲੜਕੇ ਬਲਵਿੰਦਰ ਕਤਨਾ ਵਲੋਂ ਵੀ ਲਾਬਿੰਗ ਕੀਤੀ ਜਾ ਰਹੀ ਹੈ। ਦੇਖਣਾ ਹੈ ਕਿ ‘ਆਪ’ ਲੀਡਰਸ਼ਿਪ ਕੀ ਫ਼ੈਸਲਾ ਲੈਂਦੀ ਹੈ। ਫ਼ੈਸਲਾ ਮੈਰਿਟ ਦੇ ਅਧਾਰ ’ਤੇ ਕੀਤਾ ਜਾਂਦਾ ਹੈ ਜਾਂ ਭਾਈ ਭਤੀਜਾਵਾਦ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਸੂਤਰਾਂ ਅਨੁਸਾਰ ਪਾਰਟੀ ਯੋਗ ਉਮੀਦਵਾਰਾਂ ਨੂੰ ਨਜ਼ਰ ਅੰਦਾਜ਼ ਕਰਦੀ ਹੈ ਤਾਂ ਮੇਅਰ ਦੀ ਚੋਣ ਤੋਂ ਪਹਿਲਾਂ ਪਾਰਟੀ ’ਚ ਟੁੱਟ ਭੰਨ ਦੀ ਵੀ ਸੰਭਾਵਨਾ ਹੈ। ਪਾਰਟੀ ਦੇ ਫ਼ੈਸਲੇ ਦਾ ਅਸਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਤੇ ਵੀ ਪਵੇਗਾ। ‘ਆਪ’ ਨੇ 50 ’ਚੋਂ 35 ਸੀਟਾਂ ਜਿੱਤ ਕੇ ਇਕ ਵਾਰ ਤਾਂ ਆਪਣਾ ਦਬਦਬਾ ਕਾਇਮ ਕਰ ਲਿਆ ਹੈ ਪਰ ਆਉਣ ਵਾਲੇ ਸਮੇਂ ’ਚ ਨਿਗਮ ਦੀ ਕਾਰਗੁਜ਼ਾਰੀ ਦਾ ਕੀ ਪ੍ਰਭਾਵ ਸ਼ਹਿਰੀ ਵੋਟਰਾਂ ’ਤੇ ਪੈਂਦਾ ਹੈ, ਇਹ ਵਿਧਾਨ ਸਭਾ ਚੋਣਾਂ ’ਚ ਨਜ਼ਰ ਆਏਗਾ।
Ad Position 22
No active advertisement
ਪਿਛਲੀ ਖ਼ਬਰ ਵਿਆਹੁਤਾ ਨੂੰ ਮਾਰ ਦੇਣ ਦੀ ਨੀਯਤ ਨਾਲ ਘਰ ਤੋਂ ਚੁੱਕ ਕੇ ਲਿਜਾਉਣ ਵਾਲੇ 8 ਵਿਅਕਤੀ ਨਾਮਜ਼ਦ ਅਗਲੀ ਖ਼ਬਰ ਕੈਬਨਿਟ ਮੰਤਰੀ ਡਾ. ਰਵਜੋਤ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਵੰਡੇ ਨਿਯੁਕਤੀ ਪੱਤਰ
Ad Position 24
No active advertisement