ਮਿਰਜ਼ਾਪੁਰ ਧਾਰੀਵਾਲ ’ਚ ਤੀਆਂ ਦਾ ਤਿਉਹਾਰ ਮਨਾਇਆ
ਬੁੱਲ੍ਹੋਵਾਲ, 4 ਅਗਸਤ (ਲੁਗਾਣਾ)-ਪਿੰਡ ਮਿਰਜ਼ਾਪੁਰ ਧਾਰੀਵਾਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਸਮਾਗਮ ਵਿਚ ਪਿੰਡ ਦੀਆਂ ਔਰਤਾਂ, ਮੁਟਿਆਰਾਂ ਅਤੇ ਬੱਚੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।
ਬੁੱਲ੍ਹੋਵਾਲ, 4 ਅਗਸਤ (ਲੁਗਾਣਾ)-ਪਿੰਡ ਮਿਰਜ਼ਾਪੁਰ ਧਾਰੀਵਾਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਸਮਾਗਮ ਵਿਚ ਪਿੰਡ ਦੀਆਂ ਔਰਤਾਂ, ਮੁਟਿਆਰਾਂ ਅਤੇ ਬੱਚੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਪੂਰਾ ਪਿੰਡ ਪੰਜਾਬੀ ਰੰਗ ਵਿਚ ਰੰਗਿਆ ਹੋਇਆ ਨਜ਼ਰ ਆਇਆ। ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬੀ ਵਿਰਸੇ ਨਾਲ ਸਬੰਧਿਤ ਧਾਰਮਿਕ ਅਤੇ ਸਭਿਆਚਾਰਕ ਗੀਤਾਂ ਨਾਲ ਹੋਈ। ਇਸ ਤੋਂ ਬਾਅਦ ਔਰਤਾਂ ਅਤੇ ਕੁੜੀਆਂ ਨੇ ਪੀਂਘਾਂ ਝੂਟ ਕੇ ਅਤੇ ਇੱਕ-ਦੂਜੇ ਨੂੰ ਹੱਥਾਂ ’ਤੇ ਮਹਿੰਦੀ ਲਗਾ ਕੇ ਇਸ ਪਰੰਪਰਾਗਤ ਤਿਉਹਾਰ ਦਾ ਆਨੰਦ ਮਾਣਿਆ। ਸਮਾਗਮ ਦੇ ਮੁੱਖ ਆਕਰਸ਼ਨ ਵਜੋਂ ਔਰਤਾਂ ਵੱਲੋਂ ਪਾਏ ਗਏ ਗਿੱਧੇ ਅਤੇ ਲੋਕ-ਬੋਲੀਆਂ ਨੇ ਹਾਜ਼ਰ ਸੰਗਤ ਦਾ ਮਨ ਮੋਹ ਲਿਆ। ਇਸ ਖ਼ਾਸ ਸਮਾਗਮ ਦੌਰਾਨ ਸੰਤੋਖ ਕੌਰ, ਕਿਰਨ ਕੌਰ, ਸੰਦੀਪ, ਸਿਮਰਨ, ਰਜਨੀ, ਹਰਮਿੰਦਰ, ਹਰਜਿੰਦਰ, ਸਿੰਮੀ, ਸ਼ਰਨਜੀਤ, ਮਨਦੀਪ, ਚਰਨਜੀਤ ਅਤੇ ਜੋਤੀ ਵੀ ਉਚੇਚੇ ਤੌਰ ’ਤੇ ਸ਼ਾਮਿਲ ਹੋਏ। ਇਨ੍ਹਾਂ ਸਾਰੇ ਪਹੁੰਚੇ ਹੋਏ ਮਹਿਮਾਨਾਂ ਨੇ ਸਮਾਗਮ ਦੀ ਰੌਣਕ ਨੂੰ ਹੋਰ ਵਧਾਇਆ ਅਤੇ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਬੁਲਾਰਿਆਂ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਕੇਵਲ ਮਨੋਰੰਜਨ ਦਾ ਸਾਧਨ ਨਹੀਂ ਹੈ, ਸਗੋਂ ਇਹ ਆਪਸੀ ਭਾਈਚਾਰਕ ਸਾਂਝ, ਪਿਆਰ, ਏਕਤਾ ਅਤੇ ਸਾਡੇ ਪ੍ਰਾਚੀਨ ਇਤਿਹਾਸ ਨੂੰ ਸੰਭਾਲਣ ਦਾ ਇੱਕ ਬਹੁਤ ਵੱਡਾ ਸਾਧਨ ਹੈ। ਇਸ ਮੌਕੇ ਪਹੁੰਚੇ ਹੋਏ ਮਹਿਮਾਨਾਂ ਅਤੇ ਪ੍ਰਬੰਧਕਾਂ ਵੱਲੋਂ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਔਰਤਾਂ ਅਤੇ ਬੱਚੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।