ਵਿਧਾਇਕ ਡਾ. ਇਸ਼ਾਂਕ ਨੇ ਨਵ-ਨਿਯੁਕਤ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ
ਹੁਸ਼ਿਆਰਪੁਰ, 8 ਅਗਸਤ (ਹਰਪ੍ਰੀਤ ਕੌਰ, ਨਰਿੰਦਰ ਸਿੰਘ ਬੱਡਲਾ)- ਚੱਬੇਵਾਲ ਹਲਕੇ ਦੀਆਂ 55 ਨਵ-ਨਿਯੁਕਤ ਆਂਗਣਵਾੜੀ ਵਰਕਰਾਂ ਨੂੰ ਕਮਿਊਨਿਟੀ ਸੈਂਟਰ ਚੱਬੇਵਾਲ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਵਿਧਾਇਕ ਡਾ. ਇਸ਼ਾਂਕ ਕੁਮਾਰ ਵੱਲੋਂ ਨਿਯੁਕਤੀ ਪੱਤਰ ਸੌਂਪੇ ਗਏ।
ਹੁਸ਼ਿਆਰਪੁਰ, 8 ਅਗਸਤ (ਹਰਪ੍ਰੀਤ ਕੌਰ, ਨਰਿੰਦਰ ਸਿੰਘ ਬੱਡਲਾ)- ਚੱਬੇਵਾਲ ਹਲਕੇ ਦੀਆਂ 55 ਨਵ-ਨਿਯੁਕਤ ਆਂਗਣਵਾੜੀ ਵਰਕਰਾਂ ਨੂੰ ਕਮਿਊਨਿਟੀ ਸੈਂਟਰ ਚੱਬੇਵਾਲ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਵਿਧਾਇਕ ਡਾ. ਇਸ਼ਾਂਕ ਕੁਮਾਰ ਵੱਲੋਂ ਨਿਯੁਕਤੀ ਪੱਤਰ ਸੌਂਪੇ ਗਏ। ਵਿਧਾਇਕ ਨੇ ਸਾਰੀਆਂ ਨਵ-ਨਿਯੁਕਤ ਵਰਕਰਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀਆਂ ਭਵਿੱਖ ਦੀਆਂ ਜ਼ਿੰਮੇਵਾਰੀਆਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਡਾ. ਇਸ਼ਾਂਕ ਕੁਮਾਰ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਸਮਾਜ ਦੀ ਮਜ਼ਬੂਤ ਨੀਂਹ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਕਿਉਂਕਿ ਉਹ ਮਾਵਾਂ ਤੇ ਬੱਚਿਆਂ ਦੀ ਸਿਹਤ, ਪੋਸ਼ਣ ਤੇ ਸਰਵਪੱਖੀ ਵਿਕਾਸ ਨਾਲ ਸਿੱਧੇ ਤੌਰ ’ਤੇ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਾਲ ਵਿਕਾਸ ਤੇ ਮਹਿਲਾ ਭਲਾਈ ਨਾਲ ਸਬੰਧਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਤੇ ਹਰ ਯੋਗ ਲਾਭਪਾਤਰੀ ਤੱਕ ਬਿਹਤਰ ਸਹੂਲਤਾਂ ਪਹੁੰਚਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਆਂਗਣਵਾੜੀ ਵਰਕਰਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਇਮਾਨਦਾਰੀ ਨਾਲ ਨਿਭਾਉਣ ਤੇ ਪਿੰਡਾਂ ਵਿੱਚ ਲੋਕਾਂ ਨਾਲ ਤਾਲਮੇਲ ਬਣਾਈ ਰੱਖਣ ਦੀ ਅਪੀਲ ਕੀਤੀ। ਆਂਗਣਵਾੜੀ ਵਰਕਰਾਂ ਨੇ ਭਰੋਸਾ ਦਵਾਇਆ ਕਿ ਉਹ ਮਾਵਾਂ ਤੇ ਬੱਚਿਆਂ ਦੀ ਭਲਾਈ ਲਈ ਆਪਣੀਆਂ ਜ਼ਿੰਮੇਵਾਰੀਆਂ ਤਨਦੇਹੀ ਨਾਲ ਨਿਭਾਉਣਗੀਆਂ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ, ਸੀ.ਡੀ.ਪੀ.ਓ. ਮਨਪ੍ਰੀਤ ਸਿੰਘ, ਸੁਪਰਵਾਈਜ਼ਰ ਹਰਜਿੰਦਰ ਕੌਰ, ਅਰਸ਼ਦੀਪ ਕੌਰ, ਪਰਮਿੰਦਰ ਕੌਰ ਆਦਿ ਹਾਜ਼ਰ ਸਨ।