ਗੰਨੇ ਦੀ ਕੀਮਤ ਘੱਟੋ-ਘੱਟ 650 ਰੁਪਏ ਪ੍ਰਤੀ ਕੁਇੰਟਲ ਕੀਤੀ ਜਾਵੇ - ਕਿਸਾਨ ਆਗੂ
ਦਸੂਹਾ, 15 ਸਤੰਬਰ (ਕੌਸ਼ਲ)- ਗੰਨੇ ਦੀ ਖੇਤੀ ਨੂੰ ਲੈ ਕੇ ਕਿਸਾਨਾਂ ਦੀਆਂ ਮੁਸ਼ਕਲਾਂ ਸਬੰਧੀ ਕਿਸਾਨ ਆਗੂ ਸਤਪਾਲ ਸਿੰਘ ਹੀਰਾਹਾਰ ਅਤੇ ਮਨਜੀਤ ਸਿੰਘ ਬਲ ਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ ਤੋਂ ਗੰਨੇ ਦੀ ਖ਼ਰੀਦ ਕੀਮਤ ਵਿਚ ਲੋੜੀਂਦਾ ਵਾਧਾ ਨਾ ਹੋਣ ਕਾਰਨ ਕਿਸਾਨਾਂ ਨੂੰ ਇਸ ਫ਼ਸਲ ਦੀ ਕਾਸ਼ਤ ਤੋਂ ਹੌਲੀ-ਹੌਲੀ ਬਾਹਰ ਨਿਕਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਗੰਨੇ ਦੀ ਕਾਸ਼ਤ ਪੰਜਾਬ ਦੀ ਖੇਤੀਬਾੜੀ ਅਤੇ ਖੰਡ ਉਦਯੋਗ ਨਾਲ ਸਿੱਧੇ ਤੌਰ ’ਤੇ ਜੁੜੀ ਹੋਈ ਹੈ।
ਦਸੂਹਾ, 15 ਸਤੰਬਰ (ਕੌਸ਼ਲ)- ਗੰਨੇ ਦੀ ਖੇਤੀ ਨੂੰ ਲੈ ਕੇ ਕਿਸਾਨਾਂ ਦੀਆਂ ਮੁਸ਼ਕਲਾਂ ਸਬੰਧੀ ਕਿਸਾਨ ਆਗੂ ਸਤਪਾਲ ਸਿੰਘ ਹੀਰਾਹਾਰ ਅਤੇ ਮਨਜੀਤ ਸਿੰਘ ਬਲ ਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ ਤੋਂ ਗੰਨੇ ਦੀ ਖ਼ਰੀਦ ਕੀਮਤ ਵਿਚ ਲੋੜੀਂਦਾ ਵਾਧਾ ਨਾ ਹੋਣ ਕਾਰਨ ਕਿਸਾਨਾਂ ਨੂੰ ਇਸ ਫ਼ਸਲ ਦੀ ਕਾਸ਼ਤ ਤੋਂ ਹੌਲੀ-ਹੌਲੀ ਬਾਹਰ ਨਿਕਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਗੰਨੇ ਦੀ ਕਾਸ਼ਤ ਪੰਜਾਬ ਦੀ ਖੇਤੀਬਾੜੀ ਅਤੇ ਖੰਡ ਉਦਯੋਗ ਨਾਲ ਸਿੱਧੇ ਤੌਰ ’ਤੇ ਜੁੜੀ ਹੋਈ ਹੈ। ਜੇਕਰ ਕਿਸਾਨਾਂ ਨੂੰ ਗੰਨੇ ਦਾ ਵਾਜਬ ਮੁੱਲ ਨਹੀਂ ਮਿਲੇਗਾ ਤਾਂ ਉਹ ਇਸ ਫ਼ਸਲ ਦੀ ਕਾਸ਼ਤ ਘਟਾਉਣਗੇ, ਜਿਸ ਦਾ ਸਿੱਧਾ ਅਸਰ ਪੰਜਾਬ ਦੀਆਂ ਖੰਡ ਮਿੱਲਾਂ ਅਤੇ ਇਸ ਨਾਲ ਜੁੜੀ ਇੰਡਸਟਰੀ ’ਤੇ ਵੀ ਪਵੇਗਾ। ਉਨ੍ਹਾਂ ਕਿਹਾ ਕਿ ਗੰਨੇ ਦੀ ਖੇਤੀ ਵਿਚ ਲਾਗਤ ਲਗਾਤਾਰ ਵਧ ਰਹੀ ਹੈ। ਡੀਜ਼ਲ, ਖਾਦਾਂ, ਕੀਟਨਾਸ਼ਕਾਂ, ਮਜ਼ਦੂਰੀ ਅਤੇ ਹੋਰ ਖੇਤੀ ਖ਼ਰਚਿਆਂ ਵਿਚ ਵਾਧੇ ਦੇ ਮੁਕਾਬਲੇ ਗੰਨੇ ਦੀ ਕੀਮਤ ਵਿਚ ਵਾਧਾ ਨਾ ਹੋਣਾ ਕਿਸਾਨਾਂ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ। ਇਸ ਕਾਰਨ ਕਿਸਾਨਾਂ ਨੂੰ ਆਪਣੀ ਮਿਹਨਤ ਅਤੇ ਲਾਗਤ ਦੇ ਮੁਕਾਬਲੇ ਉਚਿੱਤ ਆਮਦਨ ਨਹੀਂ ਮਿਲ ਰਹੀ। ਕਿਸਾਨ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਗੰਨੇ ਦੀ ਖੇਤੀ ਨੂੰ ਬਚਾਉਣ ਲਈ ਸਮੇਂ ਸਿਰ ਠੋਸ ਕਦਮ ਨਾ ਚੁੱਕੇ ਗਏ ਤਾਂ ਇਸ ਦੇ ਮਾੜੇ ਪ੍ਰਭਾਵ ਆਉਣ ਵਾਲੇ ਸਮੇਂ ਵਿਚ ਹੋਰ ਗੰਭੀਰ ਹੋ ਸਕਦੇ ਹਨ। ਇਸ ਨਾਲ ਨਾ ਸਿਰਫ਼ ਕਿਸਾਨਾਂ ਨੂੰ ਆਰਥਿਕ ਨੁਕਸਾਨ ਹੋਵੇਗਾ, ਸਗੋਂ ਪੰਜਾਬ ਦੀ ਖੰਡ ਇੰਡਸਟਰੀ ਨੂੰ ਵੀ ਵੱਡੀ ਮਾਰ ਪੈ ਸਕਦੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਗੰਨੇ ਦੀ ਕੀਮਤ ਘੱਟੋ-ਘੱਟ 650 ਰੁਪਏ ਪ੍ਰਤੀ ਕੁਇੰਟਲ ਕੀਤੀ ਜਾਵੇ, ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਵਾਜਬ ਮੁੱਲ ਮਿਲ ਸਕੇ ਅਤੇ ਪੰਜਾਬ ਵਿਚ ਗੰਨੇ ਦੀ ਖੇਤੀ ਅਤੇ ਇਸ ਨਾਲ ਜੁੜੀ ਇੰਡਸਟਰੀ ਨੂੰ ਬਚਾਇਆ ਜਾ ਸਕੇ।