ਕਮਿਊਨਿਟੀ ਹੈਲਥ ਸੈਂਟਰ ਹਰਿਆਣਾ ਜਲਦ ਹੋਵੇਗਾ ਤਿਆਰ-ਡਾ. ਰਵਜੋਤ ਸਿੰਘ
ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਦੇ ਜੇਲ੍ਹਾਂ ਤੇ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਡਾ. ਰਵਜੋਤ ਸਿੰਘ ਨੇ ਕਸਬਾ ਹਰਿਆਣਾ ਵਿਖੇ ਪੰਜਾਬ ਸਰਕਾਰ ਵਲੋਂ ਬਣਾਏ ਜਾ ਰਹੇ ਕਮਿਊਨਿਟੀ ਹੈਲਥ ਸੈਂਟਰ ਦੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਇਹ ਹਸਪਤਾਲ ਜਲਦ ਬਣ ਕੇ ਤਿਆਰ ਹੋਵੇਗਾ ਜਿਥੇ ਇਲਾਕੇ ਦੇ 40 ਤੋਂ ਵੱਧ ਪਿੰਡਾਂ ਦੇ ਵਸਨੀਕਾਂ ਨੂੰ ਆਧੁਨਿਕ ਸਿਹਤ ਸਹੂਲਤਾਂ ਮਿਲਣਗੀਆਂ।
ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਦੇ ਜੇਲ੍ਹਾਂ ਤੇ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਡਾ. ਰਵਜੋਤ ਸਿੰਘ ਨੇ ਕਸਬਾ ਹਰਿਆਣਾ ਵਿਖੇ ਪੰਜਾਬ ਸਰਕਾਰ ਵਲੋਂ ਬਣਾਏ ਜਾ ਰਹੇ ਕਮਿਊਨਿਟੀ ਹੈਲਥ ਸੈਂਟਰ ਦੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਇਹ ਹਸਪਤਾਲ ਜਲਦ ਬਣ ਕੇ ਤਿਆਰ ਹੋਵੇਗਾ ਜਿਥੇ ਇਲਾਕੇ ਦੇ 40 ਤੋਂ ਵੱਧ ਪਿੰਡਾਂ ਦੇ ਵਸਨੀਕਾਂ ਨੂੰ ਆਧੁਨਿਕ ਸਿਹਤ ਸਹੂਲਤਾਂ ਮਿਲਣਗੀਆਂ। ਕੈਬਨਿਟ ਮੰਤਰੀ ਨੇ ਸਿਹਤ ਤੇ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਸਮੇਤ ਪ੍ਰਾਜੈਕਟ ਦੇ ਚੱਲ ਰਹੇ ਕੰਮ ਦੀ ਸਮੀਖਿਆ ਕਰਦਿਆਂ ਕਿਹਾ ਕਿ 9.18 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਇਸ ਕਮਿਊਨਿਟੀ ਹੈਲਥ ਸੈਂਟਰ ਵਿਚ 30 ਬੈੱਡਾਂ ਦੀ ਸਹੂਲਤ ਤੋਂ ਇਲਾਵਾ ਨੇੜਲੇ ਇਲਾਕਿਆਂ ਦੇ ਵਸਨੀਕਾਂ ਨੂੰ ਆਧੁਨਿਕ ਆਪ੍ਰੇਸ਼ਨ ਥੀਏਟਰ, ਲੈਬਾਰਟਰੀ, ਐਕਸ-ਰੇਅ, ਟੀਕਾਕਰਨ ਤੇ ਜੱਚਾ -ਬੱਚਾ ਆਦਿ ਸਿਹਤ ਸਹੂਲਤਾਂ ਮੁਹੱਈਆ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸੈਂਟਰ ਦਾ ਕੰਮ ਪੂਰੀ ਰਫ਼ਤਾਰ ‘ਤੇ ਜਾਰੀ ਹੈ ਅਤੇ ਆਉਂਦੇ ਦੋ ਮਹੀਨਿਆਂ ਵਿਚ ਇਹ ਹਸਪਤਾਲ ਬਣ ਕੇ ਤਿਆਰ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਪਹਿਲੀ ਤੇ ਦੂਜੀ ਮੰਜ਼ਿਲ ਤੱਕ ਦਾ ਢਾਂਚਾ ਅਤੇ ਰੈਂਪ ਆਦਿ ਪੂਰੀ ਤਰ੍ਹਾਂ ਬਣ ਚੁੱਕੇ ਹਨ ਅਤੇ ਅੰਦਰੂਨੀ ਕਾਰਜ ਸ਼ੁਰੂ ਹੋ ਚੁੱਕਾ ਹੈ ਜੋ ਆਉਂਦੇ ਕੁੱਝ ਹਫ਼ਤਿਆਂ ’ਚ ਮੁਕੰਮਲ ਕਰ ਲਿਆ ਜਾਵੇਗਾ। ਪੰਜਾਬ ਸਰਕਾਰ ਵਲੋਂ ਸਿਹਤ ਖੇਤਰ ਵਿਚ ਕੀਤੇ ਗਏ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਸੂਬੇ ਦੇ ਹਰ ਇਲਾਕੇ ਵਿਚ ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ, ਜਿਨ੍ਹਾਂ ਰਾਹੀਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਹੀ ਮੁੱਢਲੀਆਂ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਐਸ. ਐਮ. ਓ. ਡਾ. ਸੁਦੇਸ਼ ਰਾਜਨ ਤੇ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ।