ਟਾਂਡਾ ਦੇ ਬੇਟ ਮੰਡ ਖੇਤਰ ਵਿਚ ਕਥਿਤ ਰੇਤ ਦੀ ਚੋਰੀ ਜਾਰੀ
ਟਾਂਡਾ ਉੜਮੁੜ, 22 ਸਤੰਬਰ (ਭਗਵਾਨ ਸਿੰਘ ਸੈਣੀ)-ਟਾਂਡਾ ਦੇ ਬੇਟ ਮੰਡ ਖੇਤਰ ਵਿਚ ਰੇਤ ਦੀ ਕਥਿਤ ਚੋਰੀ ਦਾ ਸਿਲਸਿਲਾ ਲਗਾਤਾਰ ਜਾਰੀ ਹੋਣ ਕਾਰਨ ਇਲਾਕਾ ਵਾਸੀਆਂ ਵਲੋਂ ਪੁਲਿਸ-ਪ੍ਰਸ਼ਾਸਨ ਦੀ ਕਾਰਵਾਈ ’ਤੇ ਸਵਾਲ ਉਠਾਏ ਜਾ ਰਹੇ ਹਨ। ਦਿਨ-ਰਾਤ ਕਥਿਤ ਤੌਰ ’ਤੇ ਹੋ ਰਹੀ ਨਾਜਾਇਜ਼ ਮਾਈਨਿੰਗ ਕਾਰਨ ਜਿਥੇ ਕੁਦਰਤੀ ਸਰੋਤਾਂ ਨੁਕਸਾਨ ਹੋ ਰਿਹਾ ਹੈ, ਉਥੇ ਬਿਆਸ ਦਰਿਆ ਦੇ ਕੰਢਿਆਂ ਨੂੰ ਨੁਕਸਾਨ ਪਹੁੰਚਣ ਕਾਰਨ ਉਪਜਾਊ ਜ਼ਮੀਨ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਵੀ ਬਣਿਆ ਹੋਇਆ ਹੈ।
ਐ
ਐੱਸ. ਡੀ. ਐੱਮ. ਟਾਂਡਾ ਲਵਪ੍ਰੀਤ ਸਿੰਘ ਔਲਖ ਨੂੰ ਰੇਤ ਦੀ ਕਥਿਤ ਨਾਜਾਇਜ਼ ਮਾਈਨਿੰਗ ਰੋਕਣ ਲਈ ਮੰਗ ਪੱਤਰ ਸੌਂਪਦੇ ਹੋਏ ਫੱਤਾ ਕੁੱਲਾ ਵਾਸੀ। ਤਸਵੀਰ : ਭਗਵਾਨ ਸਿੰਘ ਸੈਣੀ
23-09-2026
ਟਾਂਡਾ ਉੜਮੁੜ, 22 ਸਤੰਬਰ (ਭਗਵਾਨ ਸਿੰਘ ਸੈਣੀ)-ਟਾਂਡਾ ਦੇ ਬੇਟ ਮੰਡ ਖੇਤਰ ਵਿਚ ਰੇਤ ਦੀ ਕਥਿਤ ਚੋਰੀ ਦਾ ਸਿਲਸਿਲਾ ਲਗਾਤਾਰ ਜਾਰੀ ਹੋਣ ਕਾਰਨ ਇਲਾਕਾ ਵਾਸੀਆਂ ਵਲੋਂ ਪੁਲਿਸ-ਪ੍ਰਸ਼ਾਸਨ ਦੀ ਕਾਰਵਾਈ ’ਤੇ ਸਵਾਲ ਉਠਾਏ ਜਾ ਰਹੇ ਹਨ। ਦਿਨ-ਰਾਤ ਕਥਿਤ ਤੌਰ ’ਤੇ ਹੋ ਰਹੀ ਨਾਜਾਇਜ਼ ਮਾਈਨਿੰਗ ਕਾਰਨ ਜਿਥੇ ਕੁਦਰਤੀ ਸਰੋਤਾਂ ਨੁਕਸਾਨ ਹੋ ਰਿਹਾ ਹੈ, ਉਥੇ ਬਿਆਸ ਦਰਿਆ ਦੇ ਕੰਢਿਆਂ ਨੂੰ ਨੁਕਸਾਨ ਪਹੁੰਚਣ ਕਾਰਨ ਉਪਜਾਊ ਜ਼ਮੀਨ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਵੀ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਰੇਤ ਲਿਜਾਉਣ ਵਾਲੇ ਟਿੱਪਰ ਤੇ ਟਰੈਕਟਰ-ਟਰਾਲੀਆਂ ਸੜਕ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਸਰਕਾਰ ਵਲੋਂ ਇਸ ਖੇਤਰ ਨੂੰ ਵਾਈਲਡ ਲਾਈਫ਼ ਪ੍ਰਿਜ਼ਰਵ ਏਰੀਆ ਐਲਾਨੇ ਜਾਣ ਦੇ ਬਾਵਜੂਦ ਟਾਂਡਾ ਦੇ ਮੰਡ ਖੇਤਰ ਵਿਚ ਵੱਡੇ ਪੱਧਰ ’ਤੇ ਕਥਿਤ ਨਾਜਾਇਜ਼ ਮਾਈਨਿੰਗ ਹੋਣ ਕਾਰਨ ਲੋਕ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ’ਤੇ ਸਵਾਲ ਚੁੱਕ ਰਹੇ ਹਨ। ਦੂਜੇ ਪਾਸੇ, ਪੁਲਿਸ ਦੀ ਕਾਰਵਾਈ ਕੁੱਝ ਟਿੱਪਰ ਚਾਲਕਾਂ ਦੇ ਚਲਾਨ ਕੱਟਣ ਤੱਕ ਹੀ ਸੀਮਤ ਰਹਿਣ ਦੇ ਦੋਸ਼ ਲਗਾਏ ਜਾ ਰਹੇ ਹਨ, ਜਦਕਿ ਇਸ ਦੇ ਉਲਟ ਦਿਨ-ਰਾਤ ਬਿਆਸ ਦਰਿਆ ਤੋਂ ਰੇਤ ਲੈ ਕੇ ਆਉਣ ਵਾਲੇ ਟਿੱਪਰਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਦੱਸੀ ਜਾ ਰਹੀ ਹੈ। ਰੇਤ ਦੀ ਕਥਿਤ ਚੋਰੀ ਦੇ ਨਾਲ-ਨਾਲ ਬਿਨਾਂ ਤਰਪਾਲ ਢਕੇ ਰੇਤ ਲਿਜਾਉਣ ਵਾਲੇ ਟਿੱਪਰਾਂ ਤੋਂ ਉੱਡਣ ਵਾਲੀ ਰੇਤ ਵੀ ਦੁਪਹੀਆ ਵਾਹਨ ਚਾਲਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਹੀ ਹੈ। ਇਸੇ ਦੌਰਾਨ ਅੱਜ ਪਿੰਡ ਫੱਤਾ ਕੁੱਲਾ ਦੇ ਵਸਨੀਕਾਂ ਨੇ ਐੱਸ. ਡੀ. ਐੱਮ. ਟਾਂਡਾ ਲਵਪ੍ਰੀਤ ਸਿੰਘ ਔਲਖ ਨੂੰ ਮੰਗ-ਪੱਤਰ ਸੌਂਪ ਕੇ ਉਨ੍ਹਾਂ ਦੇ ਪਿੰਡ ਦੇ ਨੇੜੇ ਬਿਆਸ ਦਰਿਆ ਵਿਚ ਹੋ ਰਹੀ ਰੇਤ ਤੇ ਮਿੱਟੀ ਦੀ ਕਥਿਤ ਨਾਜਾਇਜ਼ ਮਾਈਨਿੰਗ ਨੂੰ ਬੰਦ ਕਰਵਾਉਣ ਦੀ ਮੰਗ ਕੀਤੀ। ਪਿੰਡ ਦੀ ਸਰਪੰਚ ਪਰਮਜੀਤ ਕੌਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਕਸ਼ਮੀਰ ਸਿੰਘ ਫੱਤਾ ਕੁੱਲਾ, ਅਵਤਾਰ ਸਿੰਘ, ਸੁਰਿੰਦਰ ਸਿੰਘ, ਉਪਦੇਸ਼ ਸਿੰਘ, ਰਣਧੀਰ ਸਿੰਘ, ਤਰਸੇਮ ਸਿੰਘ ਤੇ ਜੋਗਿੰਦਰ ਸਿੰਘ ਨੇ ਅਧਿਕਾਰੀਆਂ ਨੂੰ ਨਾਜਾਇਜ਼ ਮਾਈਨਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਇਸ ਨੂੰ ਤੁਰੰਤ ਬੰਦ ਕਰਵਾਉਣ ਦੀ ਮੰਗ ਕੀਤੀ। ਟਾਂਡਾ-ਸ੍ਰੀ ਹਰਿਗੋਬਿੰਦਪੁਰ ਰੋਡ ਤੋਂ ਟਾਂਡਾ ਵੱਲ ਆਉਣ ਵਾਲੇ ਰੇਤ ਨਾਲ ਭਰੇ ਟਿੱਪਰਾਂ ਤੋਂ ਉੱਡਣ ਵਾਲੀ ਰੇਤ ਕਾਰਨ ਦੁਪਹੀਆ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਕਥਿਤ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਦੇ ਨਾਲ-ਨਾਲ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਸੰਬੰਧੀ ਐੱਸ. ਡੀ. ਐੱਮ. ਟਾਂਡਾ ਲਵਪ੍ਰੀਤ ਸਿੰਘ ਔਲਖ ਤੇ ਥਾਣਾ ਮੁਖੀ ਅਮਰਜੀਤ ਕੌਰ ਨੇ ਕਿਹਾ ਕਿ ਨਾਜਾਇਜ਼ ਮਾਈਨਿੰਗ ਤੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।