ਦਿਨ ਸਮੇਂ ਚੱਲ ਰਹੇ ਟਿੱਪਰਾਂ ਨੂੰ ਰੋਕਣ ਲਈ ਪੈਦਲ ਮਾਰਚ ਤੇ ਧਰਨਾ 5 ਨੂੰ
ਬੀਣੇਵਾਲ, 23 ਸਤੰਬਰ (ਬੈਜ ਚੌਧਰੀ)-ਗੜ੍ਹਸ਼ੰਕਰ ਨੰਗਲ ਰੋਡ ‘ਤੇ ਦਿਨ ਸਮੇਂ ਸ਼ਰੇਆਮ ਚੱਲ ਰਹੇ ਮਾਈਨਿੰਗ ਸਮੱਗਰੀ ਨਾਲ ਭਰੇ ਟਿੱਪਰਾਂ ਨੂੰ ਡੀ. ਸੀ.
ਬੀਣੇਵਾਲ, 23 ਸਤੰਬਰ (ਬੈਜ ਚੌਧਰੀ)-ਗੜ੍ਹਸ਼ੰਕਰ ਨੰਗਲ ਰੋਡ ‘ਤੇ ਦਿਨ ਸਮੇਂ ਸ਼ਰੇਆਮ ਚੱਲ ਰਹੇ ਮਾਈਨਿੰਗ ਸਮੱਗਰੀ ਨਾਲ ਭਰੇ ਟਿੱਪਰਾਂ ਨੂੰ ਡੀ.ਸੀ. ਦੇ ਹੁਕਮਾਂ ਮੁਤਾਬਿਕ ਸਵੇਰੇ 7 ਵਜੇ ਤੋਂ ਸਾਮ 7 ਵਜੇ ਤੱਕ ਬੰਦ ਕਰਵਾਉਣ ਲਈ ਬੀਤ ਇਲਾਕੇ ਦੇ ਲੋਕਾਂ ਦੀ ਵਿਸ਼ੇਸ਼ ਮੀਟਿੰਗ ਅੱਡਾ ਝੁੰਗੀਆਂ ‘ਚ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਲੋਂ ਜਾਰੀ ਹੁਕਮਾਂ ਮੁਤਾਬਿਕ ਗੜ੍ਹਸ਼ੰਕਰ ਨੰਗਲ ਰੋਡ ਅਤੇ ਮਾਹਿਲਪੁਰ ਜੇਜੋਂ ਰੋਡ ‘ਤੇ ਦਿਨ ਸਮੇਂ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਮਾਈਨਿੰਗ ਸਮੱਗਰੀ ਨਾਲ ਭਰੇ ਟਿੱਪਰਾਂ ਦੇ ਚੱਲਣ ‘ਤੇ ਪਾਬੰਦੀ ਲਗਾਈ ਹੋਈ ਹੈ। ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਤੋਂ ਮਾਈਨਿੰਗ ਸਮੱਗਰੀ ਲੈ ਕੇ ਹਰ ਰੋਜ ਕਰੀਬ 500 ਤੋਂ ਵੱਧ ਟਿੱਪਰ ਮੈਹਿੰਦਵਾਣੀ ਹੱਦ ਦੇ ਰਸਤੇ ਵੱਖ-ਵੱਖ ਪਿੰਡਾਂ ‘ਚੋਂ ਹੋ ਕੇ ਅੱਡਾ ਝੁੰਗੀਆਂ ਆ ਕੇ ਗੜ੍ਹਸ਼ੰਕਰ-ਨੰਗਲ ਰੋਡ ‘ਤੇ ਆਉਂਦੇ ਹਨ। ਮਨਾਹੀ ਦੇ ਹੁਕਮਾਂ ਦੇ ਬਾਵਜੂਦ ਟਿੱਪਰ ਦਿਨ ਵੇਲੇ ਧੜੱਲੇ ਨਾਲ ਚਲਦੇ ਹਨ। ਮੀਟਿੰਗ ‘ਚ ਲਏ ਗਏ ਫ਼ੈਸਲੇ ਮੁਤਾਬਿਕ ਬੀਤ ਇਲਾਕੇ ਦੇ ਲੋਕਾਂ ਦੀ ਇਕ ਵਾਤਾਵਰਨ ਬਚਾਓ - ਲੋਕ ਬਚਾਓ ਕਮੇਟੀ ਬਣਾਈ ਗਈ ਅਤੇ ਕਮੇਟੀ ਦੀ ਅਗਲੀ ਮੀਟਿੰਗ 25 ਸਤੰਬਰ ਨੂੰ ਅੱਡਾ ਝੁੰਗੀਆਂ ਵਿਸ਼ਵਕਰਮਾਂ ਮੰਦਰ ‘ਚ ਰੱਖੀ ਗਈ ਹੈ। ਇਸ ਮੌਕੇ ਫ਼ੈਸਲਾ ਕੀਤਾ ਕਿ 5 ਅਕਤੂਬਰ ਨੂੰ ਅੱਡਾਂ ਝੁੰਗੀਆਂ ਤੋਂ ਗੜ੍ਹਸ਼ੰਕਰ ਤੱਕ ਰੋਸ ਮਾਰਚ ਕੱਢ ਕੇ ਗੜ੍ਹਸ਼ੰਕਰ ‘ਚ ਧਰਨਾ ਲਗਾਇਆ ਜਾਵੇਗਾ। ਇਸ ਮੌਕੇ ਅਜੈਬ ਸਿੰਘ ਬੋਪਾਰਾਏ, ਕੁਲਭੂਸ਼ਨ ਕੁਮਾਰ ਸਾਬਕਾ ਸਰਪੰਚ, ਰਾਮਜੀ ਦਾਸ ਚੌਹਾਨ, ਪਵਨ ਸ਼ਰਮਾ, ਕਮਲ ਕਟਾਰੀਆਂ ਸੰਮਤੀ ਮੈਂਬਰ, ਗਰੀਬ ਦਾਸ ਬੀਟਨ, ਸਰਪੰਚ ਪਰਮਜੀਤ ਪੰਮਾ, ਤੀਰਥ ਸਿੰਘ ਮਾਨ, ਸੰਜੀਵ ਰਾਣਾ, ਦਲਜੀਤ ਸਿੰਘ ਬੈਂਸ ਖੁਰਦਾਂ, ਕਮਲਜੀਤ ਸੋਢੀ, ਬਿੰਦੂ ਭੂੰਬਲਾ, ਰਾਜ ਕੁਮਾਰ ਮੀਲੂ, ਅਵਤਾਰ ਕਟਾਰੀਆ, ਕੈਪਟਨ ਬਖ਼ਸ਼ੀਸ਼ ਸਿੰਘ, ਧਰਮਿੰਦਰ, ਕੋਕੀ ਭੂੰਬਲਾ, ਰਮੇਸ਼ ਧੀਮਾਨ ਆਦਿ ਹਾਜ਼ਰ ਸਨ। ਇਸ ਮੌਕੇ ਸੰਕੇਤਕ ਤੌਰ ‘ਤੇ ਦਿਨ ਵੇਲੇ ਜਾਣ ਵਾਲੇ ਇਕ ਟਿੱਪਰ ਨੂੰ ਕਰੀਬ ਅੱਧਾ ਘੰਟਾ ਰੋਕਿਆ ਗਿਆ।