ਤਪ, ਸੰਜਮ ਤੇ ਸਵੈ-ਅਨੁਸ਼ਾਸਨ ਹੀ ਮਨੁੱਖੀ ਜੀਵਨ ਦੀ ਸਭ ਤੋਂ ਵੱਡੀ ਪੂੰਜੀ-ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਟਾਂਡਾ ਉੜਮੁੜ, 27 ਸਤੰਬਰ (ਭਗਵਾਨ ਸਿੰਘ ਸੈਣੀ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਤਪ, ਸੰਜਮ ਤੇ ਸਵੈ-ਅਨੁਸ਼ਾਸਨ ਹੀ ਮਨੁੱਖੀ ਜੀਵਨ ਦੀ ਸਭ ਤੋਂ ਵੱਡੀ ਪੂੰਜੀ ਹੈ। ਅਸਲੀ ਜਿੱਤ ਕਿਸੇ ਦੂਜੇ ਨੂੰ ਹਰਾਉਣ ਵਿਚ ਨਹੀਂ, ਸਗੋਂ ਆਪਣੇ ਅੰਦਰ ਦੇ ਕ੍ਰੋਧ, ਲੋਭ, ਹੰਕਾਰ ਤੇ ਨਫ਼ਰਤ ’ਤੇ ਜਿੱਤ ਪ੍ਰਾਪਤ ਕਰਨ ਵਿਚ ਹੈ।
ਟਾਂਡਾ ਉੜਮੁੜ, 27 ਸਤੰਬਰ (ਭਗਵਾਨ ਸਿੰਘ ਸੈਣੀ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਤਪ, ਸੰਜਮ ਤੇ ਸਵੈ-ਅਨੁਸ਼ਾਸਨ ਹੀ ਮਨੁੱਖੀ ਜੀਵਨ ਦੀ ਸਭ ਤੋਂ ਵੱਡੀ ਪੂੰਜੀ ਹੈ। ਅਸਲੀ ਜਿੱਤ ਕਿਸੇ ਦੂਜੇ ਨੂੰ ਹਰਾਉਣ ਵਿਚ ਨਹੀਂ, ਸਗੋਂ ਆਪਣੇ ਅੰਦਰ ਦੇ ਕ੍ਰੋਧ, ਲੋਭ, ਹੰਕਾਰ ਤੇ ਨਫ਼ਰਤ ’ਤੇ ਜਿੱਤ ਪ੍ਰਾਪਤ ਕਰਨ ਵਿਚ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਟਾਂਡਾ ਉੜਮੁੜ ਵਿਖੇ ਪਹਿਲੀ ਪਾਤਿਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀਚੰਦ ਜੀ ਮਹਾਰਾਜ ਦੇ 532ਵੇਂ ਪ੍ਰਕਾਸ਼ ਪੁਰਬ ਤੇ ਪੁੰਨਿਆ ਦੇ ਪਾਵਨ ਮੌਕੇ ’ਤੇ ਆਯੋਜਿਤ ‘ਸਰਵ-ਧਰਮ ਸੰਮੇਲਨ’ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। ਪ੍ਰੋਗਰਾਮ ਵਿਚ ਪਹੁੰਚੇ ਸੰਤਾਂ ਤੇ ਧਰਮਾਚਾਰੀਆਂ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵੱਖ-ਵੱਖ ਧਰਮਾਂ ਦੀਆਂ ਪੂਜਾ ਪੱਧਤੀਆਂ, ਪ੍ਰਾਰਥਨਾ ਦੇ ਤਰੀਕੇ, ਪਹਿਰਾਵੇ ਤੇ ਭਾਸ਼ਾਵਾਂ ਭਾਵੇਂ ਵੱਖੋ-ਵੱਖਰੀਆਂ ਹੋ ਸਕਦੀਆਂ ਹਨ, ਪਰ ਸਾਰਿਆਂ ਦੀ ਮੰਜ਼ਿਲ ਇੱਕੋ ਹੀ ਹੈ। ਇਹ ਸਰਵ-ਧਰਮ ਸੰਮੇਲਨ ਪੰਜਾਬ ਦੀ ਉਸ ਮਹਾਨ ਸੰਸਕ੍ਰਿਤੀ ਦਾ ਜਿਉਂਦਾ-ਜਾਗਦਾ ਸੁਨੇਹਾ ਹੈ ਜੋ ਦਿਲਾਂ ਨੂੰ ਜੋੜਦੀ ਹੈ ਅਤੇ ਮਾਨਵਤਾ ਨੂੰ ਸਰਵਉੱਚ ਰੱਖਦੀ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬਾਬਾ ਸ੍ਰੀਚੰਦ ਮਹਾਰਾਜ ਦੇ ਜੀਵਨ ’ਤੇ ਚਾਨਣਾ ਪਾਇਆ। ਮੁੱਖ ਮੰਤਰੀ ਨੇ ਗੁਰੂ ਨਾਨਕ ਦੇਵ ਜੀ ਦੀ 16ਵੀਂ ਪੀੜੀ ਦੇ ਵਾਰਸ ਅਤੇ ਪ੍ਰੋਗਰਾਮ ਦੇ ਪ੍ਰਬੰਧਕ ਬਾਬਾ ਸੁਖਦੇਵ ਸਿੰਘ ਬੇਦੀ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਪਾਵਨ ਪ੍ਰਕਾਸ਼ ਪੁਰਬ ਨੂੰ ਸਰਵ-ਧਰਮ ਸੰਮੇਲਨ ਨਾਲ ਜੋੜ ਕੇ ਸਮੁੱਚੇ ਸਮਾਜ ਨੂੰ ਇਕ ਮੰਚ ’ਤੇ ਲਿਆਉਣ ਦਾ ਕੰਮ ਕੀਤਾ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਤੇ ਪੰਜਾਬ ਸਿਰਫ਼ ਭੂਗੋਲਿਕ ਤੌਰ ’ਤੇ ਹੀ ਨੇੜੇ ਨਹੀਂ ਹਨ, ਸਗੋਂ ਦੋਵਾਂ ਸੂਬਿਆਂ ਦੀ ਸਭਿਅਤਾ, ਸੰਸਕ੍ਰਿਤੀ ਤੇ ਸੰਤਾਂ ਦੀ ਵਿਰਾਸਤ ਵੀ ਸਾਂਝੀ ਹੈ। ਹਰਿਆਣਾ ਦੀ ਪਾਵਨ ਧਰਤੀ ’ਤੇ ਕੁਰੂਕਸ਼ੇਤਰ, ਪਿਹੋਵਾ, ਕੈਥਲ, ਜੀਂਦ, ਸਿਰਸਾ ਅਤੇ ਅੰਬਾਲਾ ਵਰਗੇ ਕਈ ਅਸਥਾਨਾਂ ’ਤੇ ਗੁਰੂ ਪਰੰਪਰਾ ਅਤੇ ਉਦਾਸੀ ਸੰਤਾਂ ਦੀਆਂ ਪਾਵਨ ਯਾਦਾਂ ਅੱਜ ਵੀ ਜਿਉਂਦੀਆਂ ਹਨ। ਮੁੱਖ ਮੰਤਰੀ ਨੇ ਚਿੰਤਾ ਪ੍ਰਗਟ ਕੀਤੀ ਕਿ ਅੱਜ ਨਸ਼ਾ, ਹਿੰਸਾ, ਤਣਾਅ ਤੇ ਭਟਕਣਾ ਜੁਆਨ ਸ਼ਕਤੀ ਨੂੰ ਕਮਜ਼ੋਰ ਕਰ ਰਹੇ ਹਨ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਬਾਬਾ ਸ੍ਰੀਚੰਦ ਮਹਾਰਾਜ ਤੋਂ ਸਵੈ-ਅਨੁਸ਼ਾਸਨ, ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸੇਵਾ ਤੇ ਗੁਰੂ ਪਰੰਪਰਾ ਤੋਂ ਹਿੰਮਤ ਸਿੱਖ ਕੇ ਆਪਣੀ ਊਰਜਾ ਨੂੰ ਸਿੱਖਿਆ, ਖੇਡਾਂ, ਰੁਜ਼ਗਾਰ, ਉੱਦਮ ਅਤੇ ਰਾਸ਼ਟਰ ਨਿਰਮਾਣ ਵਿਚ ਲਗਾਉਣ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਪੁਰਬ ਦੇ ਮੌਕੇ ’ਤੇ ਬੂਟਾ ਲਾਉਣਾ, ਕਿਸੇ ਲੋੜਵੰਦ ਦੀ ਮਦਦ ਕਰਨਾ ਤੇ ਨੌਜਵਾਨਾਂ ਨੂੰ ਨਸ਼ਾ ਮੁਕਤ ਬਣਾਉਣਾ ਹੀ ਬਾਬਾ ਸ੍ਰੀਚੰਦ ਜੀ ਪ੍ਰਤੀ ਸੱਚੀ ਸ਼ਰਧਾ ਹੋਵੇਗੀ।