ਜੰਗਲੀ ਸੂਰਾਂ ਦੇ ਝੁੰਡਾਂ ਨੇ ਕਿਸਾਨਾਂ ਦੀਆਂ ਵਧਾਈਆਂ ਮੁਸ਼ਕਿਲਾਂ, ਫ਼ਸਲਾਂ ਦੀ ਤਬਾਹੀ ਤੋਂ ਪ੍ਰੇਸ਼ਾਨ ਕਿਸਾਨ
ਸ਼ਾਮਚੁਰਾਸੀ, 2 ਅਕਤੂਬਰ (ਗੁਰਮੀਤ ਸਿੰਘ ਖ਼ਾਨਪੁਰੀ)-ਹਲਕਾ ਸ਼ਾਮਚੁਰਾਸੀ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਜੰਗਲੀ ਸੂਰਾਂ ਦੀ ਵਧ ਰਹੀ ਗਿਣਤੀ ਕਿਸਾਨਾਂ ਲਈ ਵੱਡੀ ਚਿੰਤਾ ਦਾ ਕਾਰਨ ਬਣਦੀ ਜਾ ਰਹੀ ਹੈ। ਬੁੱਲ੍ਹੋਵਾਲ ਤੋਂ ਭੋਗਪੁਰ ਨੂੰ ਜਾਂਦੇ ਮਹਿੰਗਰੋਵਾਲ ਚੋਅ ਦੇ ਨਾਲ ਲੱਗਦੇ ਕਈ ਪਿੰਡਾਂ ਵਿਚ ਜੰਗਲੀ ਸੂਰਾਂ ਦੇ ਝੁੰਡ ਰਾਤ ਸਮੇਂ ਖੇਤਾਂ ਵਿਚ ਦਾਖਲ ਹੋ ਕੇ ਮੱਕੀ, ਕਮਾਦ, ਆਲੂ ਤੇ ਹੋਰ ਫ਼ਸਲਾਂ ਨੂੰ ਭਾਰੀ ਨੁਕਸਾਨ ਪਹੁੰਚਾ ਰਹੇ ਹਨ।
ਸ਼ਾਮਚੁਰਾਸੀ, 2 ਅਕਤੂਬਰ (ਗੁਰਮੀਤ ਸਿੰਘ ਖ਼ਾਨਪੁਰੀ)-ਹਲਕਾ ਸ਼ਾਮਚੁਰਾਸੀ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਜੰਗਲੀ ਸੂਰਾਂ ਦੀ ਵਧ ਰਹੀ ਗਿਣਤੀ ਕਿਸਾਨਾਂ ਲਈ ਵੱਡੀ ਚਿੰਤਾ ਦਾ ਕਾਰਨ ਬਣਦੀ ਜਾ ਰਹੀ ਹੈ। ਬੁੱਲ੍ਹੋਵਾਲ ਤੋਂ ਭੋਗਪੁਰ ਨੂੰ ਜਾਂਦੇ ਮਹਿੰਗਰੋਵਾਲ ਚੋਅ ਦੇ ਨਾਲ ਲੱਗਦੇ ਕਈ ਪਿੰਡਾਂ ਵਿਚ ਜੰਗਲੀ ਸੂਰਾਂ ਦੇ ਝੁੰਡ ਰਾਤ ਸਮੇਂ ਖੇਤਾਂ ਵਿਚ ਦਾਖਲ ਹੋ ਕੇ ਮੱਕੀ, ਕਮਾਦ, ਆਲੂ ਤੇ ਹੋਰ ਫ਼ਸਲਾਂ ਨੂੰ ਭਾਰੀ ਨੁਕਸਾਨ ਪਹੁੰਚਾ ਰਹੇ ਹਨ। ਇਸ ਸੰਬੰਧੀ ਪ੍ਰਭਾਵਿਤ ਪਿੰਡਾਂ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਜੰਗਲੀ ਸੂਰਾਂ ਦੀ ਗਿਣਤੀ ਪਿਛਲੇ ਕੁੱਝ ਸਾਲਾਂ ਦੌਰਾਨ ਲਗਾਤਾਰ ਵਧੀ ਹੈ ਅਤੇ ਹੁਣ ਇਹ ਸਮੱਸਿਆ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ, ਜਿਸ ਕਾਰਨ ਇਸ ਚੋਅ ਨਾਲ ਲੱਗਦੇ ਪਿੰਡ ਖਡਿਆਲਾ ਸੈਣੀਆਂ, ਬੁੱਲ੍ਹੋਵਾਲ, ਢੱਡੇ, ਕੋਟਲੀ, ਸਰਹਾਲਾ, ਮੂੰਡੀਆਂ, ਖ਼ਾਨਪੁਰ, ਸਹੋਤਾ, ਬੇਗਮਪੁਰ-ਜੰਡਿਆਲਾ, ਖਰਦੇਹੜ, ਝੋਜੜ, ਮਾਣਕਢੇਰੀ, ਜੰਡੀਰ ਸਮੇਤ ਕਈ ਹੋਰ ਪਿੰਡ ਇਸ ਸਮੱਸਿਆ ਨਾਲ ਵੱਧ ਪ੍ਰਭਾਵਿਤ ਦੱਸੇ ਜਾ ਰਹੇ ਹਨ। ਕਿਸਾਨਾਂ ਅਨੁਸਾਰ ਮਹਿੰਗਰੋਵਾਲ ਚੋਅ ਦੇ ਦੋਵਾਂ ਪਾਸਿਆਂ ਤੇ ਬਣੇ ਧੁੱਸੀ ਬੰਨ੍ਹਾਂ ਦੇ ਵਿਚਕਾਰਲਾ ਹਿੱਸਾ ਲੰਮੇ ਸਮੇਂ ਤੋਂ ਸਾਫ਼-ਸਫ਼ਾਈ ਦੀ ਘਾਟ ਕਾਰਨ ਝਾੜੀਆਂ, ਨੜੇ ਅਤੇ ਹੋਰ ਜੰਗਲੀ ਬੂਟਿਆਂ ਨਾਲ ਭਰ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਇਲਾਕੇ ਵਿਚ ਜੰਗਲੀ ਸੂਰਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਸੀ ਅਤੇ ਕਦੇ-ਕਦਾਈਂ ਹੀ ਕੋਈ ਝੁੰਡ ਖੇਤਾਂ ਵਿਚ ਦਾਖਲ ਹੁੰਦਾ ਸੀ ਪਰ ਹੁਣ ਹਾਲਾਤ ਇਹ ਹਨ ਕਿ 30-30 ਅਤੇ 40-40 ਦੇ ਝੁੰਡਾਂ ਵਿਚ ਜੰਗਲੀ ਸੂਰ ਰਾਤ ਸਮੇਂ ਖੇਤਾਂ ਵਿਚ ਪਹੁੰਚ ਜਾਂਦੇ ਹਨ। ਕਿਸਾਨਾਂ ਅਨੁਸਾਰ ਇਨ੍ਹਾਂ ਝੁੰਡਾਂ ਵਲੋਂ ਜਿਸ ਖੇਤ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ, ਉਥੇ ਫ਼ਸਲ ਨੂੰ ਬੁਰੀ ਤਰ੍ਹਾਂ ਪੁੱਟਿਆ ਤੇ ਰੋਂਦਿਆ ਜਾਂਦਾ ਹੈ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ। ਜੰਗਲੀ ਸੂਰ ਰਾਤ ਸਮੇਂ ਖੇਤਾਂ ਵੱਲ ਨਿਕਲਦੇ ਹਨ ਤੇ ਰਾਤ ਭਰ ਫ਼ਸਲਾਂ ਵਿਚ ਘੁੰਮਦੇ ਰਹਿੰਦੇ ਹਨ। ਮੱਕੀ, ਕਮਾਦ, ਆਲੂ ਅਤੇ ਹੋਰ ਫ਼ਸਲਾਂ ਇਨ੍ਹਾਂ ਦੇ ਨਿਸ਼ਾਨੇ ‘ਤੇ ਹੁੰਦੀਆਂ ਹਨ। ਜ਼ਿਆਦਾਤਰ ਸੂਰ ਫ਼ਸਲ ਨੂੰ ਖਾਣ ਨਾਲੋਂ ਵੱਧ ਉਸ ਨੂੰ ਪੁੱਟ ਕੇ ਨੁਕਸਾਨ ਕਰਦੇ ਹਨ, ਜਿਸ ਕਾਰਨ ਖੇਤ ਵਿਚ ਖੜ੍ਹੀ ਫ਼ਸਲ ਦਾ ਵੱਡਾ ਹਿੱਸਾ ਕੁੱਝ ਹੀ ਸਮੇਂ ਵਿਚ ਤਬਾਹ ਹੋ ਜਾਂਦਾ ਹੈ। ਕਿਸਾਨਾਂ ਨੇ ਦੱਸਿਆ ਕਿ ਉਹ ਆਪਣੀਆਂ ਫ਼ਸਲਾਂ ਨੂੰ ਬਚਾਉਣ ਲਈ ਰਾਤ ਸਮੇਂ ਵੀ ਖੇਤਾਂ ਦੇ ਗੇੜੇ ਲਗਾਉਣ ਲਈ ਮਜਬੂਰ ਹਨ। ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਅ ਦੇ ਨਾਲ-ਨਾਲ ਉੱਗੀਆਂ ਝਾੜੀਆਂ ਤੇ ਜੰਗਲੀ ਬੂਟਿਆਂ ਦੀ ਸਫ਼ਾਈ ਕਰਵਾਈ ਜਾਵੇ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਆਪਣੇ ਪੱਧਰ ‘ਤੇ ਜੰਗਲੀ ਸੂਰਾਂ ਤੋਂ ਫ਼ਸਲਾਂ ਬਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ, ਪਰ ਵੱਡੇ ਝੁੰਡਾਂ ਦੇ ਸਾਹਮਣੇ ਇਕੱਲੇ ਕਿਸਾਨਾਂ ਲਈ ਇਨ੍ਹਾਂ ਨੂੰ ਰੋਕਣਾ ਸੰਭਵ ਨਹੀਂ। ਇਸ ਲਈ ਪ੍ਰਸ਼ਾਸਨਿਕ ਪੱਧਰ ‘ਤੇ ਯੋਜਨਾਬੱਧ ਕਾਰਵਾਈ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਜੰਗਲੀ ਸੂਰਾਂ ਦੀ ਗਿਣਤੀ ਅਤੇ ਫ਼ਸਲਾਂ ਦੇ ਨੁਕਸਾਨ ਵਿਚ ਹੋਰ ਵਾਧਾ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਪ੍ਰਸ਼ਾਸਨ, ਵਣ ਵਿਭਾਗ ਤੇ ਸੰਬੰਧਿਤ ਮਹਿਕਮਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਪਿੰਡਾਂ ਵਿਚ ਪਹੁੰਚ ਕੇ ਕਿਸਾਨਾਂ ਦੀ ਸਮੱਸਿਆ ਸੁਣਨ ਅਤੇ ਜੰਗਲੀ ਸੂਰਾਂ ਦੀ ਸਮੱਸਿਆ ਨਾਲ ਨਜਿੱਠਣ ਲਈ ਢੁਕਵੇਂ ਕਦਮ ਚੁੱਕਣ।