ਕਿਸਾਨਾਂ ਨੂੰ ਸਦਾਬਹਾਰ ਫ਼ਲਦਾਰ ਬੂਟੇ ਲਗਾਉਣ ਲਈ ਅਨੁਕੂਲ ਸਮੇਂ ਦਾ ਲਾਭ ਉਠਾਉਣ ਦੀ ਅਪੀਲ
ਹੁਸ਼ਿਆਰਪੁਰ, 9 ਅਕਤੂਬਰ (ਹਰਪ੍ਰੀਤ ਕੌਰ)-ਡਿਪਟੀ ਡਾਇਰੈਕਟਰ ਬਾਗਬਾਨੀ ਰਾਜੇਸ਼ ਕੁਮਾਰ ਨੇ ਕਿਸਾਨਾਂ ਨੂੰ ਸਦਾਬਹਾਰ ਫ਼ਲਦਾਰ ਬੂਟੇ ਲਗਾਉਣ ਲਈ ਅਕਤੂਬਰ ਮਹੀਨੇ ਦੇ ਅਨੁਕੂਲ ਸਮੇਂ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਫ਼ਲਦਾਰ ਸਦਾਬਹਾਰ ਬੂਟੇ ਕਿੰਨੂ, ਮਾਲਟਾ, ਨਿੰਬੂ, ਅੰਬ, ਅਮਰੂਦ, ਜਾਮਣ, ਲੀਚੀ ਆਦਿ ਲਗਾਉਣ ਲਈ ਇਹ ਢੁੱਕਵਾਂ ਮੌਸਮ ਹੈ।
ਹੁਸ਼ਿਆਰਪੁਰ, 9 ਅਕਤੂਬਰ (ਹਰਪ੍ਰੀਤ ਕੌਰ)-ਡਿਪਟੀ ਡਾਇਰੈਕਟਰ ਬਾਗਬਾਨੀ ਰਾਜੇਸ਼ ਕੁਮਾਰ ਨੇ ਕਿਸਾਨਾਂ ਨੂੰ ਸਦਾਬਹਾਰ ਫ਼ਲਦਾਰ ਬੂਟੇ ਲਗਾਉਣ ਲਈ ਅਕਤੂਬਰ ਮਹੀਨੇ ਦੇ ਅਨੁਕੂਲ ਸਮੇਂ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਫ਼ਲਦਾਰ ਸਦਾਬਹਾਰ ਬੂਟੇ ਕਿੰਨੂ, ਮਾਲਟਾ, ਨਿੰਬੂ, ਅੰਬ, ਅਮਰੂਦ, ਜਾਮਣ, ਲੀਚੀ ਆਦਿ ਲਗਾਉਣ ਲਈ ਇਹ ਢੁੱਕਵਾਂ ਮੌਸਮ ਹੈ। ਉਨ੍ਹਾਂ ਕਿਹਾ ਕਿ ਬਾਗਬਾਨੀ ਵਿਭਾਗ ਦੀਆਂ ਆਪਣੀਆਂ ਨਰਸਰੀਆਂ ਤੇ ਵਿਭਾਗ ਵਲੋਂ ਮਾਨਤਾ ਪ੍ਰਾਪਤ ਪ੍ਰਾਈਵੇਟ ਰਜਿਸਟਰਡ ਨਰਸਰੀਆਂ ਤੋਂ ਹੀ ਬੂਟਿਆ ਦੀ ਖਰੀਦ ਕੀਤੀ ਜਾਵੇ ਕਿਉਂਕਿ ਇੱਥੇ ਫ਼ਲਦਾਰ ਬੂਟੇ ਦੀ ਕਿਸਮ ਅਤੇ ਪੈਦਾਵਾਰ ਦੀ ਗਰੰਟੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਬਾਗਬਾਨੀ ਵਿਭਾਗ ਦੀਆਂ ਤਿੰਨ ਸਰਕਾਰੀ ਨਰਸਰੀਆਂ ਭੂੰਗਾ, ਖਿਆਲਾ ਬੁਲੰਦਾ, ਛਾਉਣੀ ਕਲਾਂ ਅਤੇ ਇੰਡੋ-ਇਜ਼ਰਾਇਲ ਸੈਂਟਰ ਆਫ਼ ਐਕਸੀਲੈਂਸ ਖਨੌੜਾ ਵਿਖੇ ਫ਼ਲਦਾਰ ਬੂਟਿਆਂ ਦੀ ਵਿਕਰੀ ਸ਼ੁਰੂ ਹੈ। ਉਨ੍ਹਾਂ ਕਿਹਾ ਕਿ ਬਾਗ ਲਗਾਉਣ ਜਾਂ ਘਰੇਲੂ ਬਗੀਚੀ ਲਈ ਕਿਸਾਨ ਬਲਾਕ ਦੇ ਬਾਗਬਾਨੀ ਵਿਕਾਸ ਅਫ਼ਸਰ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਬੂਟੇ ਦੀ ਖਰੀਦ ਸਮੇਂ ਸਿਰਫ਼ ਪ੍ਰਮਾਨਤ ਕਿਸਮਾਂ ਦੇ ਬੂਟੇ ਹੀ ਖਰੀਦੇ ਜਾਣ। ਉਨ੍ਹਾਂ ਦੱਸਿਆ ਕਿ ਬਾਗ ਲਗਾਉਣ ਤੋਂ ਪਹਿਲਾਂ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਕੇ ਮਿੱਟੀ ਦੀ ਜਾਂਚ, ਪਾਣੀ ਦੀ ਉਪਲੱਬਧਤਾ ਤੇ ਖੇਤਰ ਦੇ ਅਨੁਕੂਲ ਫ਼ਲਦਾਰ ਕਿਸਮ ਦੀ ਚੋਣ ਕੀਤੀ ਜਾਵੇ।