ਪੀ.ਡਬਲਯੂ. ਡੀ. ਦਫ਼ਤਰ ਤੋਂ ਕਿਲ੍ਹਾ ਅਟੱਲਗੜ੍ਹ ਨੂੰ ਜਾਣ ਵਾਲੀ ਸੜਕ ਦੀ ਹਾਲਤ ਖਸਤਾ
ਮੁਕੇਰੀਆਂ, 5 ਨਵੰਬਰ (ਰਾਮਗੜ੍ਹੀਆ)-ਮੁਕੇਰੀਆਂ ਦੇ ਪੀ. ਡਬਲਯੂ.
ਮੁਕੇਰੀਆਂ, 5 ਨਵੰਬਰ (ਰਾਮਗੜ੍ਹੀਆ)-ਮੁਕੇਰੀਆਂ ਦੇ ਪੀ.ਡਬਲਯੂ.ਡੀ. ਦਫ਼ਤਰ ਤੋਂ ਕਿਲ੍ਹਾ ਅਟੱਲਗੜ੍ਹ ਨੂੰ ਜਾਣ ਵਾਲੀ ਸੜਕ ਦੀ ਹਾਲਤ ਬੇਹੱਦ ਖਸਤਾ ਹੋਈ ਪਈ ਹੈ ਜਿਸ ਕਰਕੇ ਰਾਹਗੀਰਾਂ ਦਾ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਖਸਤਾ ਹਾਲਤ ਸੜਕ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਪ੍ਰਿੰ. ਗੁਰਦਿਆਲ ਸਿੰਘ, ਸੁਖਦੇਵ ਸਿੰਘ, ਸੁੱਖਾ, ਜਸਕਰਨ, ਰੋਹਿਤ ਕੁਮਾਰ, ਬੱਬਲੂ, ਸੁਰਿੰਦਰ ਅਤੇ ਕਮਲਜੀਤ ਨੇ ਦੱਸਿਆ ਕਿ ਅੱਜ ਤੋਂ 5 ਸਾਲ ਪਹਿਲਾਂ ਇਹ ਸੜਕ ਕਾਂਗਰਸੀ ਸਰਕਾਰ ਵਲੋਂ ਪ੍ਰਧਾਨ ਮੰਤਰੀ ਯੋਜਨਾ ਤਹਿਤ ਮਨਜ਼ੂਰ ਕਰਵਾਈ ਗਈ ਸੀ ਜਿਸ ਦੀ ਸਮੇਂ ਦੀ ਸਰਕਾਰ ਨੇ ਸਾਰ ਨਹੀਂ ਲਈ ਅਤੇ ਹੁਣ ਸੜਕ ਵਿਚਕਾਰ ਪੱਥਰ ਤੇ ਮਿੱਟੀ ਨੇ ਲੋਕਾਂ ਦਾ ਲੰਘਣਾ ਔਖਾ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਇਸ ਸੜਕ ’ਤੇ ਕਈ ਪ੍ਰਾਈਵੇਟ ਹਸਪਤਾਲ, ਲੋਕਾਂ ਦੇ ਘਰ, ਦੁਕਾਨਾਂ, 12 ਦੇ ਕਰੀਬ ਪਿੰਡ ਅਤੇ ਪ੍ਰਸਿੱਧ ਗੁਰਦੁਆਰਾ ਕਿਲ੍ਹਾ ਅਟੱਲਗੜ੍ਹ ਸਾਹਿਬ ਪੈਂਦਾ ਹੈ ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੁੰਦੀਆਂ ਹਨ। ਸੜਕ ਦੀ ਮਾੜੀ ਹਾਲਤ ਕਾਰਨ ਸ਼ਰਧਾਲੂਆਂ ਨੂੰ ਗੁਰਦੁਆਰਾ ਸਾਹਿਬ ਵਿਖੇ ਜਾਣ ਸਮੇਂ ਮੁਸ਼ਕਿਲ ਪੇਸ਼ ਆਉਂਦੀ ਹੈ। ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਲੋਕਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਪੀ.ਡਬਲਯੂ.ਡੀ. ਦਫ਼ਤਰ ਤੋਂ ਗੁਰਦੁਆਰਾ ਕਿਲ੍ਹਾ ਅਟੱਲਗੜ੍ਹ ਸਾਹਿਬ ਨੂੰ ਜਾਣ ਵਾਲੀ ਸੜਕ ਦੀ ਪਹਿਲ ਦੇ ਆਧਾਰ ’ਤੇ ਮੁਰੰਮਤ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਆਉਣ ਰਹੀ ਇਸ ਪ੍ਰੇਸ਼ਾਨ ਤੋਂ ਰਾਹਤ ਮਿਲ ਸਕੇ।