06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਕੰਢੀ-ਬਿਆਸ ਸਾਹਿਤ ਉਤਸਵ ਦਾ ਦੂਜਾ ਦਿਨ ਸਾਹਿਤਕ ਸੰਵਾਦ, ਪੁਸਤਕ ਰਿਲੀਜ਼ ਅਤੇ ਕਵੀ ਦਰਬਾਰ ਸਦਕਾ ਬਣਿਆ ਯਾਦਗਾਰੀ

ਮੁਕੇਰੀਆਂ, 6 ਨਵੰਬਰ (ਰਾਮਗੜ੍ਹੀਆ)-ਪੰਜਾਬੀ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਐਸ. ਪੀ.

Ad Position 21
No active advertisement
3 ਰੋਜ਼ਾ ਵਿਸ਼ਾਲ ਕਵੀ ਸਮਾਗਮ ਦੀ ਤਸਵੀਰ। ਤਸਵੀਰ : ਰਾਮਗੜ੍ਹੀਆ 07-11-2026
ਮੁਕੇਰੀਆਂ, 6 ਨਵੰਬਰ (ਰਾਮਗੜ੍ਹੀਆ)-ਪੰਜਾਬੀ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਐਸ.ਪੀ.ਐਨ. ਕਾਲਜ ਮੁਕੇਰੀਆਂ ਅਤੇ ਪੰਜਾਬੀ ਸਾਹਿਤ ਸਭਾ ਮੁਕੇਰੀਆਂ ਵਲੋਂ ਸਾਂਝੇ ਉੱਦਮ ਸਦਕਾ ਕਰਵਾਏ ਜਾ ਰਹੇ ਤਿੰਨ ਰੋਜ਼ਾ ਕੰਢੀ-ਬਿਆਸ ਸਾਹਿਤ ਉਤਸਵ ਦੇ ਦੂਜੇ ਦਿਨ ਸਾਹਿਤਕ ਵਿਚਾਰ-ਚਰਚਾ, ਪੁਸਤਕ ਰਿਲੀਜ਼ ਸਮਾਗਮ ਅਤੇ ਕਵੀ ਦਰਬਾਰ ਕਰਵਾਇਆ ਗਿਆ। ਇਹ ਦਿਨ ਪੰਜਾਬੀ ਸਾਹਿਤ ਸਭਾ ਮੁਕੇਰੀਆਂ ਦੀ ਪੰਜਾਹ ਸਾਲਾ ਸਾਹਿਤਕ ਯਾਤਰਾ ਅਤੇ ਕੰਢੀ ਖੇਤਰ ਦੀਆਂ ਸਾਹਿਤਕ ਸੰਭਾਵਨਾਵਾਂ ਦੇ ਨਾਮ ਰਿਹਾ। ਸਮਾਗਮ ਦੀ ਸ਼ੁਰੂਆਤ ਐਸ.ਪੀ.ਐਨ. ਕਾਲਜ ਦੇ ਪੰਜਾਬੀ ਵਿਭਾਗ ਦੀ ਮੁਖੀ ਡਾ. ਕਿਰਨਜੀਤ ਕੌਰ ਵਲੋਂ ਸਵਾਗਤੀ ਭਾਸ਼ਨ ਨਾਲ ਹੋਈ। ਉਨ੍ਹਾਂ ਨੇ ਇਸ ਸਾਹਿਤ ਉਤਸਵ ਦੇ ਮਹੱਤਵ ਅਤੇ ਸਾਹਿਤਕ ਉਦੇਸ਼ਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਪੰਜਾਬੀ ਸਾਹਿਤ ਸਭਾ ਦੇ ਪੰਜਾਹ ਸਾਲਾ ਇਤਿਹਾਸ ਬਾਰੇ ਡਾ. ਸਤਬੀਰ ਸਿੰਘ, ਪ੍ਰੋਫੈਸਰ, ਇੰਜੀਨੀਅਰਿੰਗ ਅਤੇ ਟੈਕਨਾਲੋਜੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਖੇਤਰੀ ਕੈਂਪਸ ਗੁਰਦਾਸਪੁਰ ਅਤੇ ਸਭਾ ਦੇ ਸੰਪਾਦਕ ਨੇ ਵਿਸਥਾਰ-ਪੂਰਵਕ ਜਾਣਕਾਰੀ ਸਾਂਝੀ ਕੀਤੀ। ਇਸੇ ਦੌਰਾਨ ਕੰਢੀ-ਬਿਆਸ ਸਾਹਿਤ ਉਤਸਵ ਦੇ ਦ੍ਰਿਸ਼ਟੀਕੋਣ ਅਤੇ ਇਸ ਦੀ ਸਾਰਥਕਤਾ ਬਾਰੇ ਪ੍ਰੋ. ਬਲਬੀਰ ਮੁਕੇਰੀਆਂ, ਜੋ ਸਭਾ ਦੇ ਸਰਪ੍ਰਸਤ ਹਨ, ਨੇ ਆਪਣੇ ਵਿਚਾਰ ਪੇਸ਼ ਕੀਤੇ। ਪਹਿਲੇ ਸੈਸ਼ਨ ’ਚ ਨਾਵਲ ਦੀ ਸਿਰਜਣ ਪ੍ਰਕਿਰਿਆ ਬਾਰੇ ਹੋਈ ਗੰਭੀਰ ਚਰਚਾ ਸਾਹਿਤ ਉਤਸਵ ਦੇ ਪਹਿਲੇ ਸੈਸ਼ਨ ਵਿੱਚ ਪ੍ਰਸਿੱਧ ਨਾਵਲਕਾਰ ਬਲਬੀਰ ਪਰਵਾਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸੈਸ਼ਨ ਵਿੱਚ ਉਨ੍ਹਾਂ ਨੇ ਆਪਣੇ ਪੁਰਸਕਾਰ ਜੇਤੂ ਨਾਵਲ ‘ਰੌਲਿਆਂ ਵੇਲੇ’ ਦੀ ਸਿਰਜਣ ਪ੍ਰਕਿਰਿਆ ਬਾਰੇ ਵਿਸਥਾਰਪੂਰਵਕ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਨਾਵਲ ਦੇ ਪਿਛੋਕੜ, ਪਾਤਰਾਂ ਦੀ ਸਿਰਜਣਾ, ਸਮਾਜਿਕ ਯਥਾਰਥ ਅਤੇ ਇੱਕ ਸਾਹਿਤਕ ਰਚਨਾ ਦੇ ਜਨਮ ਪਿੱਛੇ ਕੰਮ ਕਰਦੀ ਲੇਖਕ ਦੀ ਸੰਵੇਦਨਾ ਬਾਰੇ ਆਪਣੇ ਅਨੁਭਵ ਸਾਂਝੇ ਕੀਤੇ। ਇਸ ਮੌਕੇ ਪੰਜਾਬੀ ਸਾਹਿਤ ਸਭਾ ਮੁਕੇਰੀਆਂ ਦੇ ਮੈਂਬਰ ਡਾ. ਜਨਕ ਰਾਜ ਭਾਟੀਆ ਦੀਆਂ ਤਿੰਨ ਪੁਸਤਕਾਂ ਵੀ ਰਿਲੀਜ਼ ਕੀਤੀਆਂ ਗਈਆਂ। ਦੂਜੇ ਸੈਸ਼ਨ ’ਚ ਕਵੀ ਦਰਬਾਰ ਨੇ ਬੰਨ੍ਹਿਆ ਰੰਗ ਦੂਜੇ ਸੈਸ਼ਨ ’ਚ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ। ਪੰਜਾਬੀ ਸਾਹਿਤ ਸਭਾ ਮੁਕੇਰੀਆਂ ਦੀ 50ਵੀਂ ਵਰ੍ਹੇਗੰਢ ਨੂੰ ਸਮਰਪਿਤ ਇਸ ਕਵੀ ਦਰਬਾਰ ’ਚ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਪ੍ਰਸਿੱਧ ਕਵੀ ਦਰਸ਼ਨ ਬੁੱਟਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ‘ਹੁਣ’ ਮੈਗਜ਼ੀਨ ਦੇ ਸੰਪਾਦਕ ਸੁਸ਼ੀਲ ਦੁਸਾਂਝ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਪ੍ਰਧਾਨਗੀ ਮੰਡਲ ਵਿੱਚ ਪ੍ਰਸਿੱਧ ਗ਼ਜ਼ਲਗੋ ਮੱਖਣ ਕੋਹਾੜ ਅਤੇ ਪੰਮੀ ਦਿਵੇਦੀ ਟਾਂਡਾ ਨੇ ਸ਼ਿਰਕਤ ਕੀਤੀ। ਕਵੀ ਦਰਬਾਰ ਵਿੱਚ ਕਲਾਨੌਰ, ਗੁਰਦਾਸਪੁਰ, ਬਟਾਲਾ, ਹੁਸ਼ਿਆਰਪੁਰ, ਪਠਾਨਕੋਟ, ਜਲੰਧਰ ਸਮੇਤ ਵੱਖ-ਵੱਖ ਸ਼ਹਿਰਾਂ ਤੋਂ ਪਹੁੰਚੇ ਕਵੀਆਂ ਨੇ ਆਪਣੀਆਂ ਕਵਿਤਾਵਾਂ, ਗ਼ਜ਼ਲਾਂ ਅਤੇ ਗੀਤਾਂ ਰਾਹੀਂ ਪੰਜਾਬੀ ਕਾਵਿ-ਸੰਵੇਦਨਾ ਦੇ ਵਿਭਿੰਨ ਰੰਗ ਪੇਸ਼ ਕੀਤੇ। ਇਸ ਮੌਕੇ ਗ਼ਜ਼ਲਗੋ ਬਲਜੀਤ ਸੈਣੀ, ਤੀਰਥ ਚੰਦ ਸਰੋਆ, ਵਿਨੋਦ ਵਸਲ, ਗੀਤਕਾਰ ਰਾਣਾ ਰੋਪੜੀ, ਰਘਬੀਰ ਟੇਰਕਿਆਣਾ, ਸੀਤਲ ਸਿੰਘ ਗੁੰਨੋਪੁਰੀ ,ਸੁਰਿੰਦਰ ਬਟਾਲਾ, ਪ੍ਰੋ. ਲਖਵਿੰਦਰ ਸਿੰਘ, ਰਾਮ ਰਤਨ, ਮਨਦੀਪ ਕੌਰ ਪ੍ਰੀਤ, ਹਰਸ਼ਵਿੰਦਰ ਤਲਵਾੜਾ, ਦੀਕਸ਼ਾ ਮਹਾਜਨ, ਸਮੇਤ ਅਨੇਕਾਂ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਵਾਈ। ਸਮੁੱਚੇ ਕਵੀ ਦਰਬਾਰ ਦਾ ਮੰਚ ਸੰਚਾਲਨ ਪੰਜਾਬੀ ਸਾਹਿਤ ਸਭਾ ਮੁਕੇਰੀਆਂ ਦੇ ਜਨਰਲ ਸਕੱਤਰ ਜਸਵੰਤ ਖਾਨਪੁਰੀ ਨੇ ਸੁਚੱਜੇ ਅਤੇ ਪ੍ਰਭਾਵਸ਼ਾਲੀ ਅੰਦਾਜ਼ ਵਿੱਚ ਕੀਤਾ। ਸਮਾਗਮ ਦੇ ਅੰਤ ’ਚ ਡਾ. ਸਰਬਜੋਤ ਸਿੰਘ, ਪ੍ਰਧਾਨ ਪੰਜਾਬੀ ਸਾਹਿਤ ਸਭਾ ਮੁਕੇਰੀਆਂ ਨੇ ਸਮੂਹ ਮਹਿਮਾਨਾਂ, ਸਾਹਿਤਕਾਰਾਂ, ਕਵੀਆਂ, ਕਾਲਜ ਦੇ ਪੰਜਾਬੀ ਵਿਭਾਗ ਦੇ ਸਾਰੇ ਫੈਕਲਟੀ ਮੈਂਬਰਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਉਹਨਾਂ ਵਿਸ਼ੇਸ਼ ਤੌਰ ਉੱਤੇ ਐਸਪੀਐਨ ਕਾਲਜ ਦੀ ਪ੍ਰਬੰਧਕੀ ਕਮੇਟੀ ਅਤੇ ਪ੍ਰਿੰਸੀਪਲ ਡਾ. ਸਮੀਰ ਸ਼ਰਮਾ ਵੱਲੋਂ ਦਿੱਤੇ ਗਏ ਸਹਿਯੋਗ ਲਈ ਸ਼ੁਕਰੀਆ ਅਦਾ ਕੀਤਾ। ਇਹ ਉਤਸਵ ਨਾ ਕੇਵਲ ਪੰਜਾਬੀ ਸਾਹਿਤ ਸਭਾ ਮੁਕੇਰੀਆਂ ਦੀ ਪੰਜਾਹ ਸਾਲਾ ਯਾਤਰਾ ਦਾ ਜਸ਼ਨ ਬਣਿਆ, ਸਗੋਂ ਕੰਡੀ ਖੇਤਰ ਨੂੰ ਪੰਜਾਬੀ ਸਾਹਿਤ ਦੇ ਨਕਸ਼ੇ ਉੱਤੇ ਹੋਰ ਉਭਾਰਨ ਵੱਲ ਇਕ ਸਾਰਥਕ ਕਦਮ ਵੀ ਸਾਬਤ ਹੋਇਆ।
Ad Position 22
No active advertisement
ਪਿਛਲੀ ਖ਼ਬਰ ਦਿਵਾਲੀ, ਬੰਦੀ ਛੋੜ ਦਿਵਸ ਤੇ ਵਿਸ਼ਵਕਰਮਾ ਦਿਵਸ ਦੀਆਂ ਖੁਸ਼ੀਆਂ ਸਾਂਝ ਤੇ ਸਦਭਾਵਨਾ ਨਾਲ ਮਨਾਈਆਂ ਜਾਣ - ਰਣਜੀਤ ਸਿੰਘ ਵਿਰ... ਅਗਲੀ ਖ਼ਬਰ ਤਿਉਹਾਰਾਂ ਦੇ ਸੀਜ਼ਨ ਦੌਰਾਨ ਫੂਡ ਸੇਫਟੀ ਟੀਮ ਵਲੋਂ ਵੱਖ-ਵੱਖ ਸਥਾਨਾਂ ’ਤੇ ਚੈਕਿੰਗ
Ad Position 24