ਐਨ.ਪੀ.ਐਸ. ਮੁਲਾਜ਼ਮਾਂ ਨੇ ਮੁੱਖ ਮੰਤਰੀ ਦਾ ਪੁਤਲਾ ਅਤੇ ਅਧੂਰੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕੀਆਂ
ਤਲਵਾੜਾ, 18 ਨਵੰਬਰ (ਐਚ. ਐਸ.
ਤਲਵਾੜਾ, 18 ਨਵੰਬਰ (ਐਚ.ਐਸ.ਮਿੱਠੂ)-ਪੁਰਾਣੀ ਪੈਨਸ਼ਨ ਬਹਾਲੀ ਸਾਂਝੇ ਮੰਚ ਦੇ ਸੱਦੇ ’ਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵਲੋਂ ਬਲਾਕ ਪੱਧਰ ’ਤੇ ਮੁੱਖ ਮੰਤਰੀ ਦਾ ਪੁਤਲਾ ਅਤੇ ਪੁਰਾਣੀ ਪੈਨਸ਼ਨ ਬਹਾਲੀ ਦੇ ਅਧੂਰੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕੀਆਂ ਗਈਆਂ। ਇਸ ਮੌਕੇ ਸੂਬਾ ਕਨਵੀਨਰ ਜਸਵੀਰ ਤਲਵਾੜਾ ਅਤੇ ਵਿੱਤ ਸਕੱਤਰ ਵਰਿੰਦਰ ਵਿੱਕੀ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ 24 ਅਕਤੂਬਰ 2022 ਨੂੰ ਦੀਵਾਲੀ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਲਾਈਵ ਹੋ ਕੇ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਐਲਾਨ ਕੀਤਾ ਸੀ। 18 ਨਵੰਬਰ 2022 ਨੂੰ ਬਕਾਇਦਾ ਅਧੂਰਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਅਤੇ ਕਿਹਾ ਸੀ ਕਿ ਇਸ ਦੀ ਐਸ.ਓ.ਪੀ. ਬਾਅਦ ਵਿਚ ਜਾਰੀ ਕੀਤੀ ਜਾਵੇਗੀ ਪਰ ਚਾਰ ਸਾਲ ਬੀਤ ਜਾਣ ਬਾਅਦ ਵੀ ਐਨ.ਪੀ.ਐਸ. ਕਰਮਚਾਰੀ ਪੁਰਾਣੀ ਪੈਨਸ਼ਨ ਵਿਹੁਣੇ ਹਨ। ਐਨ.ਪੀ.ਐਸ. ਮੁਲਾਜ਼ਮਾਂ ਦੀ ਪੰਜਵੀਂ ਦੀਵਾਲੀ ਵੀ ਫਿੱਕੀ ਰਹੀ ਹੈ। ਸਰਕਾਰ ਪੰਜਾਬ ਦੇ ਐਨ.ਪੀ.ਐਸ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਤੋਂ ਭੱਜ ਰਹੀ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਐਨ.ਪੀ.ਐਸ ਦੇ ਖਾਤੇ ਬੰਦ ਕਰਕੇ ਜੀਪੀਐਫ਼ ਦੇ ਖਾਤੇ ਤੁਰੰਤ ਖੌਲ੍ਹੇ ਨਹੀਂ ਤਾਂ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ‘ਆਪ’ ਸਰਕਾਰ ਨੂੰ ਭਾਰੀ ਕੀਮਤ ਅਦਾ ਕਰਨੀ ਪਵੇਗੀ। ਪੰਜਾਬ ਦੇ ਵੱਡੀ ਗਿਣਤੀ ਐਨਪੀਐਸ ਮੁਲਾਜ਼ਮ ਆਪਣੀ ਮੰਗ ਨੂੰ ਲੈ ਕੇ 29 ਤਾਰੀਖ਼ ਨੂੰ ‘ਆਪ’ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਦੇ ਹਲਕਾ ਸੁਨਾਮ ਵਿਖੇ ਕੋਠੀ ਦੇ ਘਿਰਾਓ ਕਰਨਗੇ। ਇਸ ਮੌਕੇ ਪਸਸਫ਼ ਤੋਂ ਰਾਜੀਵ ਸ਼ਰਮਾ, ਜਸਵਿੰਦਰ ਸਿੰਗਲਾ, ਹਿਤੇਸ਼ ਸ਼ਰਮਾ, ਕੁੰਦਨ ਲਾਲ, ਕੇਹਰ ਸਿੰਘ, ਸੁਰਿੰਦਰ ਬਰਿੰਗਲੀ, ਦਿਨੇਸ਼ ਯਾਦਵ, ਦੀਪਕ ਕੁਮਾਰ, ਰਾਜ ਕੁਮਾਰ ਆਦਿ ਹਾਜ਼ਰ ਸਨ।