ਲੱਕੜ ਮੰਡੀ ਨੌਸ਼ਹਿਰਾ ’ਚ ਲਗਾਏ ਜਾ ਰਹੇ ਕੂੜੇ ਦੇ ਡੰਪ ਖ਼ਿਲਾਫ਼ ਧਰਨਾ ਜਾਰੀ
ਹਰਿਆਣਾ, 19 ਨਵੰਬਰ (ਹਰਮੇਲ ਸਿੰਘ ਖੱਖ)-ਲੱਕੜ ਮੰਡੀ ਨੌਸ਼ਹਿਰਾ ਵਿਖੇ ਗੰਦਗੀ ਦੇ ਡੰਪ ਬਣਾਉਣ ਦੇ ਚੱਲ ਰਹੇ ਕੰਮ ਨੂੰ ਬੀਤੇ ਦਿਨ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਵਲੋਂ ਬੰਦ ਕਰਵਾ ਦਿੱਤਾ ਗਿਆ ਸੀ। ਪਿੰਡ ਨੌਸ਼ਹਿਰਾ, ਬੱਸੀ ਵਜ਼ੀਦ, ਭਲਿਆਲਾ ਅਤੇ ਹੋਰ ਪਿੰਡਾਂ ਦੇ ਲੋਕਾਂ ਵਲੋਂ ਭਾਰੀ ਇਕੱਠ ਕਰਕੇ ਇਸ ਦਾ ਸਖ਼ਤ ਸ਼ਬਦਾਂ ਵਿਚ ਵਿਰੋਧ ਕੀਤਾ ਗਿਆ ਸੀ।
ਹਰਿਆਣਾ, 19 ਨਵੰਬਰ (ਹਰਮੇਲ ਸਿੰਘ ਖੱਖ)-ਲੱਕੜ ਮੰਡੀ ਨੌਸ਼ਹਿਰਾ ਵਿਖੇ ਗੰਦਗੀ ਦੇ ਡੰਪ ਬਣਾਉਣ ਦੇ ਚੱਲ ਰਹੇ ਕੰਮ ਨੂੰ ਬੀਤੇ ਦਿਨ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਵਲੋਂ ਬੰਦ ਕਰਵਾ ਦਿੱਤਾ ਗਿਆ ਸੀ। ਪਿੰਡ ਨੌਸ਼ਹਿਰਾ, ਬੱਸੀ ਵਜ਼ੀਦ, ਭਲਿਆਲਾ ਅਤੇ ਹੋਰ ਪਿੰਡਾਂ ਦੇ ਲੋਕਾਂ ਵਲੋਂ ਭਾਰੀ ਇਕੱਠ ਕਰਕੇ ਇਸ ਦਾ ਸਖ਼ਤ ਸ਼ਬਦਾਂ ਵਿਚ ਵਿਰੋਧ ਕੀਤਾ ਗਿਆ ਸੀ। ਆਸ ਪਾਸ ਦੇ ਵੱਸਦੇ ਲੋਕਾਂ ਵਲੋਂ ਇਸ ਕੰਮ ਨੂੰ ਮੁਕੰਮਲ ਤੌਰ ’ਤੇ ਬੰਦ ਕਰਨ ਦਾ ਕਿਸੇ ਪ੍ਰਸ਼ਾਸਨ ਵਲੋਂ ਕੋਈ ਲਿਖਤੀ ਤੌਰ ‘ਤੇ ਪੱਤਰ ਨਾ ਦੇਣ ਅਤੇ ਮੌਜੂਦਾ ਵਿਧਾਇਕ ਵਲੋਂ ਇਸ ਕੰਮ ਨੂੰ ਬੰਦ ਕਰਨ ਲਈ ਪਿੰਡ ਵਾਸੀਆਂ ਨਾਲ ਕੋਈ ਗੱਲਬਾਤ ਨਾ ਕਰਨ ਦੇ ਵਿਰੋਧ ਵਿਚ ਪਿੰਡਾਂ ਦੇ ਲੋਕਾਂ ਵਲੋਂ ਅੱਜ ਇਕੱਠੇ ਹੋ ਕੇ ਇਸ ਦਾ ਸਖ਼ਤ ਵਿਰੋਧ ਕੀਤਾ ਗਿਆ। ਇਲਾਕਾ ਵਾਸੀਆਂ ਨੇ ਦੱਸਿਆ ਕਿ ਇਸ ਕੰਮ ਨੂੰ ਉਨ੍ਹਾਂ ਵਲੋਂ ਇਕੱਠੇ ਹੋ ਕੇ ਬੰਦ ਕਰਵਾਇਆ ਗਿਆ। ਪ੍ਰੰਤੂ ਅਜੇ ਤੱਕ ਪ੍ਰਸ਼ਾਸਨ ਵਲੋਂ ਇਹ ਯਕੀਨ ਨਹੀਂ ਦਵਾਇਆ ਗਿਆ ਕਿ ਇਹ ਕੰਮ ਮੁਕੰਮਲ ਤੌਰ ’ਤੇ ਬੰਦ ਕਰਵਾ ਦਿੱਤਾ ਹੈ, ਜਿਸ ਦੇ ਸੰਬੰਧ ਵਿਚ ਅੱਜ ਉਨ੍ਹਾਂ ਵਲੋਂ ਆਸ ਪਾਸ ਦੇ ਵੱਸਦੇ ਪਿੰਡਾਂ ਦੇ ਲੋਕਾਂ ਵੱਲੋਂ ਭਾਰੀ ਇਕੱਠ ਕਰਕੇ ਲੱਕੜ ਮੰਡੀ ਨੌਸ਼ਹਿਰਾ ਦੇ ਗੇਟ ਅੱਗੇ ਦਰੀਆਂ ਵਿਛਾ ਕੇ ਪ੍ਰਸ਼ਾਸਨ ਖ਼ਿਲਾਫ਼ ਧਰਨਾ ਦਿੱਤਾ ਗਿਆ ਹੈ। ਇਸ ਮੌਕੇ ਮਨਿੰਦਰ ਸਿੰਘ ਟਿੰਮੀ ਸ਼ਾਹੀ ਪ੍ਰਧਾਨ ਬਲਾਕ ਕਾਂਗਰਸ ਕਮੇਟੀ, ਭੁਪਿੰਦਰ ਸਿੰਘ ਭੂੰਗਾ, ਮੇਜਰ ਸਿੰਘ ਨੌਸ਼ਹਿਰਾ, ਕੁਲਵਿੰਦਰ ਸਿੰਘ ਤੇ ਇਲਾਕਾ ਨਿਵਾਸੀਆਂ ਨੂੰ ਆਪਣੇ ਸੰਬੋਧਨ ’ਚ ਕਿਹਾ ਕਿ ਪ੍ਰਸ਼ਾਸਨ ਵਲੋਂ ਜਾਰੀ ਨਿਰਦੇਸ਼ਾਂ ਤੇ ਲੱਕੜ ਮੰਡੀ ਹਰਿਆਣਾ ਵਿਖੇ ਜੋ ਕੂੜਾ ਦਾ ਡੰਪ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਸੀ ਉਸ ਦੀ ਨਿਖੇਧੀ ਕਰਦੇ ਹਨ ਅਤੇ ਡਾਕਟਰ ਰਵਜੋਤ ਸਿੰਘ ਨੂੰ ਅਪੀਲ ਕਰਦੇ ਹਾਂ ਕਿ ਇਹ ਕੰਮ ਜੋ ਕਿ ਫਿਲਹਾਲ ਤਾਂ ਬੰਦ ਕਰਵਾ ਦਿੱਤਾ ਗਿਆ ਹੈ, ਪ੍ਰੰਤੂ ਇਸ ਦੇ ਪੱਕੇ ਤੌਰ ’ਤੇ ਬੰਦ ਹੋਣ ਸਬੰਧੀ ਲਿਖਤ ਰੂਪ ਵਿਚ ਲੋਕਾਂ ਨੂੰ ਭਰੋਸਾ ਦਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਵਿਸ਼ਵਾਸ ਹੋ ਸਕੇ ਕਿ ਉਨ੍ਹਾਂ ਦੇ ਇਲਾਕੇ ਵਿਚ ਹੁਣ ਕੂੜੇ ਕਚਰੇ ਦਾ ਡੰਪ ਨਹੀਂ ਬਣਵਾਇਆ ਜਾਵੇਗਾ। ਇਸ ਮੌਕੇ ਭਾਰੀ ਗਿਣਤੀ ‘ਚ ਹਾਜ਼ਰ ਇਲਾਕਾ ਨਿਵਾਸੀਆਂ ਨੇ ਵਿਰੋਧ ਜ਼ਾਹਿਰ ਕਰਦੇ ਹੋਏ ਕਿਹਾ ਕਿ ਕਸਬਾ ਹਰਿਆਣਾ ਦਾ ਕੂੜਾ ਕਸਬਾ ਹਰਿਆਣਾ ਦੇ ਆਲੇ ਦੁਆਲੇ ਕਸਬੇ ਦੀ ਹੱਦ ਵਿਚ ਹੀ ਡੰਪ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਰਾਜਿੰਦਰ ਸਿੰਘ ਲੰਬੜਦਾਰ (ਬਸੀ ਬਜੀਦ), ਕੁਲਵਿੰਦਰ ਸਿੰਘ ਬਿੱਲਾ, ਪਰਮਿੰਦਰ ਸਿੰਘ ਗਿੱਲ, ਤਲਵਿੰਦਰ ਸਿੰਘ ਪੰਚ, ਪਰਮਜੀਤ ਸਿੰਘ, ਕਮਲਜੀਤ, ਰਣਜੀਤ ਕੌਰ, ਕਮਲਜੀਤ, ਅਮਨਪ੍ਰੀਤ ਕੌਰ, ਪਰਮਜੀਤ, ਸੁਖਵਿੰਦਰ, ਗੁਰਮੀਤ ਕੌਰ, ਤਲਵਿੰਦਰ ਤੇ ਹੋਰ ਹਾਜ਼ਰ ਸਨ। ਇਸ ਸਬੰਧੀ ਜਦ ਡਾ. ਰਵਜੋਤ ਸਿੰਘ ਕੈਬਨਿਟ ਮੰਤਰੀ ਪੰਜਾਬ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਲਾਕੇ ਦੀ ਮੰਗ ਨੂੰ ਦੇਖਦੇ ਹੋਏ ਨੌਸ਼ਹਿਰਾ ਮੰਡੀ ਅੰਦਰ ਬਣਨ ਜਾ ਰਹੇ ਡੰਪ ਨੂੰ ਤੁਰੰਤ ਰੋਕ ਦਿੱਤਾ ਗਿਆ।