17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਸਹਿਕਾਰੀ ਸਭਾ ਡੱਲਾ ਨੂੰ ਯੂਰੀਆ ਖਾਦ ਨਾ ਦਿੱਤੇ ਜਾਣ ਕਾਰਨ ਕਿਸਾਨਾਂ ਵਲੋਂ ਧਰਨਾ

Ad Position 21
No active advertisement
ਅਜੀਤ ਡੈਸਕ 03-01-2026
ਜਗਰਾਉਂ, 2 ਜਨਵਰੀ (ਗੁਰਦੀਪ ਸਿੰਘ ਮਲਕ)-ਸਹਿਕਾਰੀ ਸਭਾ ਡੱਲਾ ਨੂੰ ਯੂਰੀਆ ਖਾਦ ਨਾ ਦਿੱਤੇ ਜਾਣ ਦੇ ਰੋਸ ਵਜੋਂ ਅੱਜ ਕਿਸਾਨਾਂ ਨੇ ਸਥਾਨਕ ਮਾਰਕਫੈੱਡ ਦਫ਼ਤਰ ਮੂਹਰੇ ਧਰਨਾ ਲਾ ਦਿੱਤਾ | ਕਈ ਘੰਟੇ ਧਰਨਾ ਲਾਉਣ ਤੇ ਘਿਰਾਓ ਕਰਨ ਤੋਂ ਬਾਅਦ ਵੀ ਸੁਣਵਾਈ ਨਾ ਹੋਣ ਤੋਂ ਅੱਕੇ ਇਹ ਕਿਸਾਨ ਸਾਢੇ ਪੰਜ ਘੰਟੇ ਦੇ ਧਰਨੇ ਮਗਰੋਂ ਸ਼ੇਰਪੁਰਾ ਰੋਡ 'ਤੇ ਆ ਕੇ ਰੇਲਵੇ ਫਾਟਕਾਂ ਮੂਹਰੇ ਚੱਕਾ ਜਾਮ ਕਰਕੇ ਬੈਠ ਗਏ | ਇਸ 'ਤੇ ਸੋਮਵਾਰ ਤੱਕ ਯੂਰੀਆ ਖਾਦ ਦੇ ਦੋ ਟਰੱਕ ਮੁਹੱਈਆ ਕਰਵਾਏ ਜਾਣ ਦੇ ਭਰੋਸੇ ਮਗਰੋਂ ਇਹ ਧਰਨਾ ਚੁੱਕਿਆ ਗਿਆ | ਧਰਨੇ ਵਿਚ ਸ਼ਾਮਿਲ ਸਹਿਕਾਰੀ ਸਭਾ ਦੇ ਪ੍ਰਧਾਨ ਇੰਦਰਜੀਤ ਸਿੰਘ ਬਿੱਟੂ, ਕਿਸਾਨ ਜਥੇਬੰਦੀ ਦੇ ਆਗੂ ਹਰਪ੍ਰੀਤ ਸਿੰਘ ਡੱਲਾ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਨੇ ਦੱਸਿਆ ਕਿ ਸਹਿਕਾਰੀ ਸਭਾ ਨੂੰ ਮਾਰਕਫੈੱਡ ਵਲੋਂ ਪਿਛਲੇ ਦਿਨਾਂ ਤੋਂ ਯੂਰੀਆ ਖਾਦ ਦੀ ਸਪਲਾਈ ਨਹੀਂ ਸੀ ਦਿੱਤੀ ਜਾ ਰਹੀ | ਇਸ ਬਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਸੂਚਨਾ ਦੇ ਕੇ ਰੋਕੀ ਸਪਲਾਈ ਬਹਾਲ ਕਰਨ ਦੀ ਮੰਗ ਕੀਤੀ ਗਈ | ਇਹ ਸਪਲਾਈ ਚਾਲੂ ਨਾ ਹੋਣ ਦੇ ਰੋਸ ਵਜੋਂ ਉਹ ਅੱਜ ਸਵੇਰੇ ਕਰੀਬ ਗਿਆਰਾਂ ਵਜੇ ਸਥਾਨਕ ਮਾਰਕਫੈੱਡ ਦਫ਼ਤਰ ਮੂਹਰੇ ਆ ਕੇ ਦਰੀਆਂ ਵਿਛਾ ਕੇ ਧਰਨੇ 'ਤੇ ਬੈਠ ਗਏ | ਦੋ ਘੰਟੇ ਤੋਂ ਵੱਧ ਸਮਾਂ ਸਰਕਾਰ, ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਤੇ ਮਾਰਕਫੈੱਡ ਖ਼ਿਲਾਫ਼ ਨਾਅਰੇਬਾਜ਼ੀ ਕਰਨ ਮਗਰੋਂ ਧਰਨਾਕਾਰੀ ਦਫ਼ਤਰ ਦੇ ਦਰਵਾਜ਼ੇ ਮੂਹਰੇ ਘਿਰਾਓ ਕਰਕੇ ਬੈਠ ਗਏ | ਇਸ 'ਤੇ ਵੀ ਪ੍ਰਸ਼ਾਸਨ ਦਾ ਜਦੋਂ ਕੋਈ ਅਧਿਕਾਰੀ ਸਾਢੇ ਚਾਰ ਵਜੇ ਤੱਕ ਨਾ ਪਹੁੰਚਿਆਂ ਤਾਂ ਧਰਨਾਕਾਰੀ ਉੱਠ ਕੇ ਸਥਾਨਕ ਸ਼ੇਰਪੁਰਾ ਰੋਡ 'ਤੇ ਰੇਲਵੇ ਫਾਟਕਾਂ ਮੂਹਰੇ ਬੈਠ ਗਏ | ਇਸ ਨਾਲ ਆਵਾਜਾਈ ਠੱਪ ਹੋ ਗਈ ਅਤੇ ਪ੍ਰਸ਼ਾਸਨ ਵੀ ਹਰਕਤ ਵਿਚ ਆ ਗਿਆ | ਮਾਰਕਫੈੱਡ ਮੈਨੇਜਰ ਜਸਵੰਤ ਸਿੰਘ ਗੁਰੂ ਨੇ ਦੱਸਿਆ ਕਿ ਸਹਿਕਾਰੀ ਸਭਾ ਡੱਲਾ ਵੱਲ ਬਕਾਇਆ ਖੜ੍ਹਾ ਹੋਣ ਤੇ ਸੁਸਾਇਟੀ ਡਿਫਾਲਟਰ ਹੋਣ ਕਰਕੇ ਯੂਰੀਆ ਸਪਲਾਈ ਰੋਕੀ ਗਈ ਸੀ | ਧਰਨਾਕਾਰੀਆਂ ਦੇ ਬਾਕੀ ਦੋਸ਼ਾਂ ਨੂੰ ਉਨ੍ਹਾਂ ਨਿਰਾਧਾਰ ਦੱਸਿਆ ਅਤੇ ਕਿਹਾ ਕਿ ਅਦਾਇਗੀ ਕਰਨ 'ਤੇ ਉਸੇ ਵਕਤ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ | ਉਨ੍ਹਾਂ ਇਹੋ ਜਾਣਕਾਰੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿੱਤੀ | ਧਰਨੇ ਵਿਚ ਜਗਜੀਤ ਸਿੰਘ, ਅਵਤਾਰ ਸਿੰਘ, ਬੂਟਾ ਸਿੰਘ, ਸ਼ਮਸ਼ੇਰ ਸਿੰਘ, ਕੁਲਵੰਤ ਸਿੰਘ, ਜਗਤਾਰ ਸਿੰਘ, ਗੁਰਪ੍ਰੀਤ ਸਿੰਘ ਆਦਿ ਵੀ ਸ਼ਾਮਲ ਹੋਏ | ਧਰਨਾਕਾਰੀ ਜਦੋਂ ਸੜਕ 'ਤੇ ਜਾਮ ਲਾ ਕੇ ਬੈਠੇ ਗਏ ਅਤੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਤਾਂ ਮਾਰਕਫੈੱਡ ਮੈਨੇਜਰ ਜਸਵੰਤ ਸਿੰਘ ਗੁਰੂ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਮੱਲ੍ਹਾ, ਥਾਣਾ ਸਿਟੀ ਦੇ ਮੁਖੀ ਪਰਮਿੰਦਰਪਾਲ ਸਿੰਘ ਮੌਕੇ 'ਤੇ ਪੁੱਜੇ | ਉਨ੍ਹਾਂ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਬਾਅਦ ਵਿਚ ਸੋਮਵਾਰ ਤੱਕ ਯੂਰੀਆ ਖਾਦ ਦੇ ਦੋ ਟਰੱਕ ਦੇਣ ਦੀ ਸਹਿਮਤੀ ਬਣਨ 'ਤੇ ਧਰਨਾ ਚੁੱਕ ਲਿਆ ਗਿਆ |
Ad Position 22
No active advertisement
ਪਿਛਲੀ ਖ਼ਬਰ 31ਵਾਂ ਅਲੌਕਿਕ ਦਸਮੇਸ਼ ਪੈਦਲ ਮਾਰਚ ਹੇਰਾਂ ਤੋਂ ਅਗਲੇ ਪੜਾਅ ਲਈ ਰਵਾਨਾ ਅਗਲੀ ਖ਼ਬਰ 'ਆਪ' ਸਰਕਾਰ ਸ਼੍ਰੋਮਣੀ ਕਮੇਟੀ ਦੇ ਕੰਮਾਂ 'ਚ ਬੇਲੋੜੀ ਦਖ਼ਲਅੰਦਾਜ਼ੀ ਕਰਕੇ ਟਕਰਾਅ ਪੈਦਾ ਕਰ ਰਹੀ-ਧਾਮੀ
Ad Position 24