ਜਗਰਾਉਂ, 3 ਜਨਵਰੀ (ਸ਼ਮਸ਼ੇਰ ਸਿੰਘ ਗਾਲਿਬ)-ਓ.ਬੀ.ਸੀ. ਰਾਜਨੀਤਿਕ ਫਰੰਟ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਦਮਦਮੀ ਦੀ ਅਗਵਾਈ ਵਿਚ ਜਨਰਲ ਸਕੱਤਰ ਇੰਦਰਜੀਤ ਸਿੰਘ ਕੰਬੋਜ ਅਤੇ ਹੋਰ ਸਾਥੀਆਂ ਵਲੋਂ ਪੰਜਾਬ ਰਾਜ ਓ.ਬੀ.ਸੀ. ਕਮਿਸ਼ਨ ਦੇ ਚੇਅਰਮੈਨ ਡਾਕਟਰ ਮਲਕੀਤ ਸਿੰਘ ਥਿੰਦ ਨੂੰ ਮਿਲਕੇ ਮੰਗ ਪੱਤਰ ਦਿੱਤਾ ਗਿਆ | ਜਿਸ ਵਿਚ ਪੰਜਾਬ ਦੇ 74 ਜਾਤੀਆਂ ਵਾਲੇ ਅਤੇ ਪੰਜਾਬ ਵਿਚ 45 ਫ਼ੀਸਦੀ ਆਬਾਦੀ ਵਾਲੇ ਪੰਜਾਬ ਦੇ ਬੀ.ਸੀ. ਓ.ਬੀ.ਸੀ. ਸਮਾਜ ਦੇ ਲੋਕਾਂ ਨੂੰ ਸਥਾਨਕ ਸਰਕਾਰਾਂ, ਪਿੰਡਾਂ ਦੀ ਪੰਚਾਇਤਾਂ, ਬਲਾਕ ਸੰਮਤੀਆਂ, ਜ਼ਿਲ੍ਹਾ ਪ੍ਰੀਸ਼ਦਾਂ, ਸ਼ਹਿਰੀ ਸੰਸਥਾਵਾਂ, ਨਗਰ ਪਾਲਿਕਾਵਾਂ, ਨਗਰ ਕੌਂਸਲਾਂ, ਨਗਰ ਨਿਗਮਾਂ, ਨਗਰ ਸੁਧਾਰ ਟਰੱਸਟ ਆਦਿ ਵਿਚੋਂ 27 ਫ਼ੀਸਦੀ ਰਾਖਵਾਂ ਕਰਨ ਦੇਣ ਦੀ ਮੰਗ ਕਰਦਿਆਂ ਬੇਨਤੀ ਕੀਤੀ ਕਿ ਪੰਜਾਬ ਵਿਚੋਂ ਨੇੜਲੇ ਭਵਿੱਖ ਵਿਚ ਹੋਣ ਜਾ ਰਹੀਆਂ ਸਾਰੀਆਂ ਚੋਣਾਂ ਵਿਚ ਪੰਜਾਬ ਦੇ ਬੀ.ਸੀ/ਓ.ਬੀ.ਸੀ. ਵਰਗ ਨੂੰ 27 ਫ਼ੀਸਦੀ ਰਾਜਨੀਤਿਕ ਰਾਖਵਾਂ ਕਰਨ ਦੇਣ ਉਪਰੰਤ ਹੀ ਕਰਵਾਈਆਂ ਜਾਣ | ਇਸ ਮੌਕੇ ਚੇਅਰਮੈਨ ਡਾਕਟਰ ਮਲਕੀਤ ਸਿੰਘ ਥਿੰਦ ਨੇ ਓ.ਬੀ.ਸੀ. ਰਾਜਨੀਤਿਕ ਫਰੰਟ ਦੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ 'ਤੇ ਵਿਸ਼ੇਸ਼ ਤੌਰ 'ਤੇ ਗੌਰ ਕੀਤਾ ਜਾਵੇਗਾ | ਇਸ ਮੌਕੇ ਡਾ: ਮਲਕੀਤ ਸਿੰਘ ਥਿੰਦ ਦਾ ਰਾਜਨੀਤਕ ਫਰੰਟ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਅਵਤਾਰ ਸਿੰਘ ਤਾਰੀ, ਕਰਨੈਲ ਸਿੰਘ ਢੋਟ, ਪਰਮਜੀਤ ਹਾਂਡਾ ਵੀ ਮੌਜੂਦ ਸਨ |