ਜਗਰਾਉਂ, 5 ਫਰਵਰੀ (ਗੁਰਦੀਪ ਸਿੰਘ ਮਲਕ)-ਲੱਖਾ ਪਿੰਡ ਦੇ ਇਕ ਵਿਅਕਤੀ ਵਲੋਂ ਇਸੇ ਪਿੰਡ ਦੇ ਦਲਿਤ ਬਿਰਧ ਜੋੜੇ ਦੀ ਕੁੱਟਮਾਰ ਕਰਕੇ ਉਲਟਾ ਇਨ੍ਹਾਂ ਪੀੜ੍ਹਤਾਂ ਅਤੇ ਗੁਆਂਢੀ ਸਾਬਕਾ ਦਲਿਤ ਸਰਪੰਚ ਜਿਸਦਾ ਕਿ ਇਸ ਝਗੜੇ ਨਾਲ ਸਬੰਧ ਵੀ ਨਹੀਂ, ਉੱਪਰ ਆਪਣੀ ਚੀਚੀ 'ਤੇ ਆਪ ਸੱਟ ਮਾਰ ਕੇ ਝੂਠਾ 26 ਦਾ ਪਰਚਾ ਕਰਵਾ ਦਿੱਤਾ, ਜਦੋਂ ਕਿ ਕੁੱਟਮਾਰ ਤੋਂ ਪੀੜ੍ਹਤ ਦਲਿਤ ਬਜ਼ੁਰਗ ਜੋੜ੍ਹੇ ਦੇ ਬਿਆਨ ਵੀ ਹਠੂਰ ਪੁਲਿਸ ਦੇ ਇਕ ਏ.ਐੱਸ.ਆਈ. ਨੇ ਆਪਣੀ ਮਨਮਰਜ਼ੀ ਮੁਤਾਬਿਕ ਲਿਖ ਕੇ ਹਮਲਾਵਰ ਧਿਰ ਦਾ ਪੱਖ ਪੂਰਿਆ | ਉਕਤ ਪੱਖਪਾਤ ਤਹਿਤ ਦਰਜ ਝੂਠੇ ਕੇਸ ਖ਼ਿਲਾਫ਼ ਅੱਜ ਪੇਂਡੂ ਮਜ਼ਦੂਰ ਯੂਨੀਅਨ ਦੀ ਆਗੂ ਬੀਬੀ ਜਸਬੀਰ ਕੌਰ ਦੀ ਅਗਵਾਈ ਹੇਠ ਦਲਿਤ ਤੇ ਮਜ਼ਦੂਰ ਅÏਰਤਾਂ ਵਲੋਂ ਐੱਸ.ਐੱਸ.ਪੀ. ਦਫ਼ਤਰ ਜਗਰਾਉਂ ਅੱਗੇ ਝੂਠੇ ਕੇਸ ਦੇ ਵਿਰੋਧ ਵਿਚ ਕਾਲੀਆਂ ਚੁੰਨੀਆਂ ਲੈ ਕੇ ਮੁਜ਼ਾਹਰਾ ਕਰਨ ਤੋਂ ਬਾਅਦ ਐੱਸ.ਐੱਸ.ਪੀ. ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਪੁਲਿਸ ਦੇ ਪੱਖਪਾਤੀ ਵਤੀਰੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਇਸ ਮੌਕੇ ਇੱਕਤਰਤਾ ਨੇ ਮੰਗ ਕੀਤੀ ਕਿ ਪੀੜ੍ਹਤ ਧਿਰ 'ਤੇ ਕੀਤਾ ਝੂਠਾ ਪਰਚਾ ਰੱਦ ਕਰ ਕੀਤਾ ਜਾਵੇ ਅਤੇ ਦਲਿਤ ਗਰੀਬ ਬਜ਼ੁਰਗ ਜੋੜੇ ਉੱਪਰ ਅੱਤਿਆਚਾਰ ਕਰਨ ਵਾਲੇ ਵਿਅਕਤੀ ਖ਼ਿਲਾਫ਼ ਦਲਿਤਾਂ ਤੇ ਅੱਤਿਆਚਾਰ ਰੋਕੂ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਵੇ | ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ, ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮਾਣੂੰਕੇ ਨੇ ਕਿਹਾ ਕਿ ਜਿੱਥੇ ਅਤਿਆਚਾਰ ਤੋਂ ਪੀੜਤਾਂ ਉੱਪਰ ਹੀ ਉਲਟਾ ਝੂਠਾ ਪੁਲਿਸ ਕੇਸ ਦਰਜ ਕਰਨਾ ਬਹੁਤ ਵੱਡੀ ਬੇਇਨਸਾਫ਼ੀ ਹੈ ਉੱੱਥੇ ਹਠੂਰ ਥਾਣੇ ਦੇ ਇਕ ਏ.ਐੱਸ.ਆਈ. ਵਲੋਂ ਪੱਖਪਾਤ ਤਹਿਤ ਇਨਕੁਆਰੀ ਦੌਰਾਨ ਹੀ ਪੀੜ੍ਹਤ ਦਲਿਤ ਬਜ਼ੁਰਗ ਨੂੰ ਜੇਲ੍ਹ ਸੁੱਟਕੇ ਇਨਕੁਆਰੀ ਨੂੰ ਪ੍ਰਭਾਵਿਤ ਕਰਨ ਦਾ ਯਤਨ ਕੀਤਾ ਹੈ | ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਮਸ਼ਾਲ ਦੇ ਆਗੂ ਮਦਨ ਸਿੰਘ ਨੇ ਕਿਹਾ ਕਿ ਜੇਕਰ ਝੂਠਾ ਪਰਚਾ ਰੱਦ ਨਾ ਕੀਤਾ ਗਿਆ ਤਾਂ ਉਨ੍ਹਾਂ ਦੀ ਜਥੇਬੰਦੀ ਦੇ ਵਰਕਰ ਵੀ ਅੱਗੇ ਚੱਲਣ ਵਾਲੇ ਸੰਘਰਸ਼ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਨਗੇ | ਇਸ ਦੌਰਾਨ ਐੱਸ.ਐੱਸ.ਪੀ. ਲੁਧਿਆਣਾ ਦਿਹਾਤੀ ਨੇ ਜਥੇਬੰਦੀ ਦੇ ਆਗੂਆਂ ਅਤੇ ਪੀੜ੍ਹਤ ਪਰਿਵਾਰ ਨਾਲ ਮੀਟਿੰਗ ਕਰਕੇ ਵਿਸ਼ਵਾਸ ਦਵਾਇਆ ਕਿ ਇਸ ਕੇਸ ਦੀ ਨਿਰਪੱਖ ਜਾਂਚ ਪੜਤਾਲ ਕਰਵਾ ਕੇ ਛੇਤੀ ਹੀ ਇਨਸਾਫ਼ ਦਿੱਤਾ ਜਾਵੇਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵੀਰ ਕੌਰ, ਬੱਬੀ ਕੌਰ, ਪਰਮਜੀਤ ਕੌਰ, ਸਿਮਲੋ ਕੌਰ ਆਦਿ ਹਾਜ਼ਰ ਸਨ |